ਪੈਰਿਸ, 1 ਸਤੰਬਰ
ਭਾਰਤੀ ਬੈਡਮਿੰਟਨ ਖਿਡਾਰਨ ਮਨੀਸ਼ਾ ਰਾਮਦਾਸ ਨੇ ਅੱਜ ਇੱਥੇ ਪੈਰਾਲੰਪਿਕ ਖੇਡਾਂ ਵਿੱਚ ਐੱਸਯੂ5 ਵਰਗ ’ਚ ਮਹਿਲਾ ਸਿੰਗਲਜ਼ ਦੇ ਸੈਮੀ ਫਾਈਨਲ ’ਚ ਜਗ੍ਹਾ ਬਣਾ ਲਈ ਹੈ ਜਿੱਥੇ ਉਹ ਹਮਵਤਨ ਤੁਲਸੀਮਤੀ ਮੁਰੂਗੇਸਨ ਨਾਲ ਭਿੜੇਗੀ। ਇਸ ਤਰ੍ਹਾਂ ਭਾਰਤ ਲਈ ਇੱਕ ਹੋਰ ਤਗ਼ਮਾ ਪੱਕਾ ਹੋ ਗਿਆ ਹੈ। ਇਸ ਦੌਰਾਨ ਨਿਤੇਸ਼ ਕੁਮਾਰ ਜਪਾਨ ਦੇ ਫੁਜ਼ਿਹਾਰਾ ਡਾਈਸੁਕੇ ਨੂੰ 21-16, 21-12 ਨਾਲ ਹਰਾ ਕੇ ਪੁਰਸ਼ ਸਿੰਗਲਜ਼ ਐੱਸਐੱਲ3 ਦੇ ਫਾਈਨਲ ਵਿੱਚ ਪਹੁੰਚ ਗਿਆ ਹੈ। 19 ਸਾਲਾ ਖਿਡਾਰਨ ਨੂੰ ਕੁਆਰਟਰ ਫਾਈਨਲ ਵਿੱਚ ਜਪਾਨ ਦੀ ਮਾਮਿਕੋ ਟੋਯੋਡਾ ਨੂੰ 21-13, 21-16 ਨਾਲ ਹਰਾਉਣ ਵਿੱਚ ਕੋਈ ਮੁਸ਼ਕਲ ਨਹੀਂ ਆਈ। ਇਸੇ ਤਰ੍ਹਾਂ ਐੱਸਐੱਲ4 ਵਰਗ ਵਿੱਚ ਪੁਰਸ਼ ਸਿੰਗਲਜ਼ ਸੈਮੀ ਫਾਈਨਲ ’ਚ ਵੀ ਦੋ ਭਾਰਤੀ ਖਿਡਾਰੀ ਸੁਹਾਸ ਯਤੀਰਾਜ ਅਤੇ ਸੁਕਾਂਤ ਕਦਮ ਆਹਮੋ-ਸਾਹਮਣੇ ਹੋਣਗੇ। ਇਨ੍ਹਾਂ ਦੋਵਾਂ ਨੇ ਬੈਡਮਿੰਟਨ ’ਚ ਭਾਰਤ ਦਾ ਪਹਿਲਾ ਤਗ਼ਮਾ ਪੱਕਾ ਕੀਤਾ ਸੀ। ਇਸ ਤੋਂ ਪਹਿਲਾਂ ਮਨਦੀਪ ਕੌਰ ਅਤੇ ਪਲਕ ਕੋਹਲੀ ਨੂੰ ਕੁਆਰਟਰ ਫਾਈਨਲ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਐੱਸਐੱਲ3 ਵਰਗ ਵਿੱਚ ਖੇਡ ਰਹੀ ਮਨਦੀਪ ਨਾਈਜੀਰੀਆ ਦੀ ਤੀਜਾ ਦਰਜਾ ਪ੍ਰਾਪਤ ਬੋਲਾਜੀ ਮਰੀਅਮ ਐਨੀਓਲਾ ਨੂੰ ਕੋਈ ਚੁਣੌਤੀ ਨਹੀਂ ਦੇ ਸਕੀ ਤੇ 23 ਮਿੰਟ ਵਿੱਚ 8-21, 9-21 ਨਾਲ ਹਾਰ ਗਈ। -ਪੀਟੀਆਈ
ਪ੍ਰਧਾਨ ਮੰਤਰੀ ਮੋਦੀ ਵੱਲੋਂ ਤਗ਼ਮਾ ਜੇਤੂਆਂ ਨਾਲ ਫੋਨ ’ਤੇ ਗੱਲਬਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੈਰਾਲੰਪਿਕ ’ਚ ਭਾਰਤ ਦੇ ਤਗ਼ਮਾ ਜੇਤੂ ਖਿਡਾਰੀਆਂ ਨਾਲ ਅੱਜ ਫੋਨ ’ਤੇ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਪ੍ਰਧਾਨ ਮੰਤਰੀ ਨੇ ਮੋਨਾ ਅਗਰਵਾਲ, ਪ੍ਰੀਤੀ ਪਾਲ, ਮਨੀਸ਼ ਨਰਵਾਲ ਅਤੇ ਰੂਬੀਨਾ ਫਰਾਂਸਿਸ ਨਾਲ ਗੱਲਬਾਤ ਕੀਤੀ। ਉਨ੍ਹਾਂ ਹਰ ਤਗ਼ਮਾ ਜੇਤੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ। -ਪੀਟੀਆਈ