ਪਲੱਕੜ (ਕੇਰਲਾ), 1 ਸਤੰਬਰ
ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਸਿਹਤ ਮੰਤਰੀ ਜੇਪੀ ਨੱਢਾ ਨੇ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਜਾਰੀ ਕਰਨ ਵਿੱਚ ਦੇਰੀ ਕਰਨ ਅਤੇ ਸੂਬੇ ਦੇ ਵਾਇਨਾਡ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ 200 ਮੌਤਾਂ ਹੋਣ ਦੀ ਕੁਦਰਤੀ ਕਰੋਪੀ ਦੇ ਮਾਮਲੇ ਵਿੱਚ ਕੇਰਲਾ ਦੀ ਖੱਬੇ ਪੱਖੀ ਸਰਕਾਰ ’ਤੇ ਅੱਜ ਨਿਸ਼ਾਨਾ ਸੇਧਿਆ।
ਨੱਢਾ ਇੱਥੇ ਆਰਐੱਸਐੱਸ ਵੱਲੋਂ ਕਰਵਾਈ ਗਈ ਤਿੰਨ ਦਿਨਾ ਤਾਲਮੇਲ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕੇਰਲਾ ’ਚ ਹਨ। ਉਨ੍ਹਾਂ ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਜਾਰੀ ਕਰਨ ਅਤੇ ਇਸ ਦੀਆਂ ਸਿਫਾਰਸ਼ਾਂ ਅਮਲ ਵਿੱਚ ਲਿਆਉਣ ’ਚ ਦੇਰ ਹੋਣ ’ਤੇ ਸਵਾਲ ਉਠਾਏ। ਕੇਂਦਰੀ ਮੰਤਰੀ ਨੇ ਇੱਥੇ ਜ਼ਿਲ੍ਹੇ ਦੇ ਉਦਯੋਗਪਤੀਆਂ ਤੇ ਲੋਕਾਂ ਦੇ ਆਗੂਆਂ ਨਾਲ ਕੀਤੀ ਇਕ ਜਨਤਕ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ, ‘‘ਕਿਹੜੀ ਚੀਜ਼ ਉਨ੍ਹਾਂ ਨੂੰ ਰੋਕ ਰਹੀ ਹੈ? ਕਿਹੜੀ ਚੀਜ਼ ਉਨ੍ਹਾਂ ਨੂੰ ਡਰਾ ਰਹੀ ਹੈ? ਇਹ ਇਸ ਵਾਸਤੇ ਹੈ ਕਿਉਂਕਿ ਉਹ ਇਸ (ਰਿਪੋਰਟ ਵਿਚਲੀਆਂ ਵਿਰੋਧੀ ਚੀਜ਼ਾਂ) ਦਾ ਹਿੱਸਾ ਸਨ। ਉਹ ਕੁਝ ਛੁਪਾਉਣਾ ਚਾਹੁੰਦੇ ਸਨ ਕਿਉਂਕਿ ਉਨ੍ਹਾਂ ਦੇ ਲੋਕ ਸ਼ਾਮਲ ਹਨ। -ਪੀਟੀਆਈ