ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਹੈ ਕਿ ਜੰਮੂ ਕਸ਼ਮੀਰ ਦੇ ਨੌਜਵਾਨਾਂ ਲਈ ਭਾਜਪਾ ਦੀ ਇਕੋ ਇਕ ਨੀਤੀ ‘ਧੋਖਾ’ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਨੌਜਵਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੰਪਨੀ ਨੂੰ ਆਉਂਦੀਆਂ ਚੋਣਾਂ ’ਚ ਬਾਹਰ ਦਾ ਰਾਹ ਦਿਖਾ ਦੇਣਗੇ। ਖੜਗੇ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਜੰਮੂ ਕਸ਼ਮੀਰ ’ਚ ਨੌਜਵਾਨਾਂ ਦੀ ਬੇਰੁਜ਼ਗਾਰੀ ਦਰ ਮਾਰਚ ’ਚ 28.2 ਫ਼ੀਸਦ ਸੀ। ਉਨ੍ਹਾਂ ਦਾਅਵਾ ਕੀਤਾ, ‘‘ਪਿਛਲੇ ਚਾਰ ਸਾਲਾਂ ਤੋਂ ਕਈ ਪ੍ਰੀਖਿਆਵਾਂ ਦੇ ਪੇਪਰ ਲੀਕ, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਕਾਰਨ ਕਈ ਵਿਭਾਗਾਂ ’ਚ ਭਰਤੀ ਦੇ ਅਮਲ ’ਚ ਦੇਰੀ ਹੋਈ। ਜੰਮੂ ਕਸ਼ਮੀਰ ’ਚ 2019 ਤੋਂ ਸਰਕਾਰੀ ਵਿਭਾਗਾਂ ’ਚ 65 ਫ਼ੀਸਦੀ ਅਹੁਦੇ ਖਾਲੀ ਪਏ ਹਨ।’’ ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ 60 ਹਜ਼ਾਰ ਤੋਂ ਵਧ ਸਰਕਾਰੀ ਮੁਲਾਜ਼ਮਾਂ ਨੂੰ ਪਿਛਲੇ 15 ਸਾਲਾਂ ਤੋਂ ਮਾਮੂਲੀ 300 ਰੁਪਏ ਦਿਹਾੜੀ ਮਿਲ ਰਹੀ ਹੈ। -ਪੀਟੀਆਈ