ਸ੍ਰੀਨਗਰ, 1 ਸਤੰਬਰ
ਵੱਖਵਾਦੀ ਆਗੂ ਤੇ ਹੁਰੀਅਤ ਮੈਂਬਰ ਸਈਦ ਸਲੀਮ ਗਿਲਾਨੀ ਅੱਜ ਪੀਪਲਜ਼ ਡੈਮੋਕਰੈਟਿਕ ਪਾਰਟੀ ’ਚ ਸ਼ਾਮਲ ਹੋ ਗਏ। ਗਿਲਾਨੀ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਦੀ ਹਾਜ਼ਰੀ ਵਿੱਚ ਪਾਰਟੀ ’ਚ ਸ਼ਾਮਲ ਹੋਏ।
ਪਾਰਟੀ ’ਚ ਸ਼ਾਮਲ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਲਾਨੀ ਨੇ ਕਿਹਾ, ‘ਪੀਡੀਪੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੇ ਜਮਹੂਰੀ ਅਧਿਕਾਰਾਂ, ਮਨੁੱਖੀ ਅਧਿਕਾਰਾਂ ਤੇ ਸਿਆਸੀ ਅਧਿਕਾਰਾਂ ਬਾਰੇ ਗੱਲ ਕਰਦੀ ਹੈ। ਇਹ ਕਸ਼ਮੀਰ ਮਸਲੇ ਦੇ ਸਿਆਸੀ ਹੱਲ ਦੀ ਗੱਲ ਕਰਦੀ ਹੈ। ਇਸ ਲਈ ਮੈਨੂੰ ਇਸ ਪਾਰਟੀ ’ਚ ਸ਼ਾਮਲ ਹੋਣਾ ਸਹੀ ਲੱਗਾ।’ ਉਨ੍ਹਾਂ ਇਹ ਵੀ ਕਿਹਾ ਕਿ ਕਸ਼ਮੀਰ ਮਸਲੇ ਦਾ ਹੱਲ ਸਿਆਸੀ ਢੰਗ ਨਾਲ ਹੀ ਹੋ ਸਕਦਾ ਹੈ। ਉਨ੍ਹਾਂ ਕਿਹਾ, ‘ਬੰਦੂਕ ਕੋਈ ਹੱਲ ਨਹੀਂ ਹੋ ਸਕਦੀ। ਹਿੰਸਾ ਕਾਰਨ ਜਾ ਰਹੀਆਂ ਜਾਨਾਂ ਬਚਾਉਣ ਦਾ ਇਹੀ ਇੱਕ ਰਾਹ ਹੈ।’ ਜੇਲ੍ਹ ’ਚ ਬੰਦ ਵੱਖਵਾਦੀ ਆਗੂ ਸ਼ਬੀਰ ਅਹਿਮ ਸ਼ਾਹ ਦੇ ਇੱਕ ਸਮੇਂ ਨੇੜਲੇ ਰਹੇ ਗਿਲਾਨੀ ਹੁਰੀਅਤ ਕਾਨਫਰੰਸ ਦੇ ਜਨਰਲ ਕੌਂਸਲ ਮੈਂਬਰ ਸਨ ਜਿਸ ਦੀ ਅਗਵਾਈ ਮੀਰਵਾਇਜ਼ ਉਮਰ ਫਾਰੂਕ ਕਰ ਰਹੇ ਸਨ। ਗਿਲਾਨੀ ਦਾ ਸਵਾਗਤ ਕਰਦਿਆਂ ਮੁਫ਼ਤੀ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸਾਬਕਾ ਵੱਖਵਾਦੀ ਆਗੂ ਕਸ਼ਮੀਰ ਮਸਲੇ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਨ। -ਪੀਟੀਆਈ
ਭਾਜਪਾ ਦੇ ਕਹਿਣ ’ਤੇ ਚੋਣ ਕਮਿਸ਼ਨ ਨੇ ਨਤੀਜਿਆਂ ਦੀ ਤਰੀਕ ਬਦਲੀ: ਮੁਫ਼ਤੀ
ਸ੍ਰੀਨਗਰ: ਪੀਪਲਜ਼ ਡੈਮੋਕਰੈਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਅੱਜ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਭਾਜਪਾ ਦੇ ਇਸ਼ਾਰੇ ’ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਦੀ ਤਰੀਕ ਬਦਲੀ ਹੈ। ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਉਹ (ਚੋਣ ਕਮਿਸ਼ਨ) ਉਹੀ ਕਰਦੇ ਹਨ ਜੋ ਭਾਜਪਾ ਨੂੰ ਸਹੀ ਲਗਦਾ ਹੈ। ਜਦੋਂ ਮੈਂ (ਲੋਕ ਸਭਾ) ਚੋਣ ਲੜੀ ਤਾਂ ਉਨ੍ਹਾਂ ਗ਼ੈਰਜ਼ਰੂਰੀ ਢੰਗ ਨਾਲ (ਵੋਟਿੰਗ ਦੀ) ਤਰੀਕ ਬਦਲ ਦਿੱਤੀ। ਸਭ ਕੁਝ ਭਾਜਪਾ ਤੇ ਉਸ ਨਾਲ ਸਬੰਧਤ ਜਥੇਬੰਦੀਆਂ ਦੀ ਇੱਛਾ ਅਨੁਸਾਰ ਹੁੰਦਾ ਹੈ।’ -ਪੀਟੀਆਈ