ਪੱਤਰ ਪ੍ਰੇਰਕ
ਆਨੰਦਪੁਰ ਸਾਹਿਬ, 1 ਸਤੰਬਰ
ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਸਕੂਲਾਂ ਵਿੱਚ ਨਿਗੂਣੇ ਮਾਣ ਭੱਤੇ ’ਤੇ ਕੰਮ ਕਰਦੀਆਂ ਕੁੱਕ ਵਰਕਰਾਂ ਦੀਆਂ ਮੰਗਾਂ ਮਨਵਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਦੇ ਬਾਹਰ ਪ੍ਰਦਰਸ਼ਨ ਕਰ ਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਪੁੱਜੀਆਂ ਮਿੱਡ-ਡੇਅ ਮੀਲ ਵਰਕਰਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ, ਜਨਰਲ ਸਕੱਤਰ ਮਮਤਾ ਸ਼ਰਮਾ ਅਤੇ ਵਿੱਤ ਸਕੱਤਰ ਰਮਨਜੀਤ ਕੌਰ ਮੁਕਤਸਰ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ’ਚ ਕੰਮ ਕਰਦੀਆਂ ਮਿੱਡ-ਡੇਅ ਮੀਲ ਵਰਕਰਾਂ ’ਤੇ ਘੱਟੋ-ਘੱਟ ਉਜਰਤਾਂ ਦਾ ਕਾਨੂੰਨ ਲਾਗੂ ਕਰਨਾ ਤਾਂ ਅਜੇ ਦੂਰ ਦੀ ਗੱਲ ਹੈ ਸਗੋਂ ਭਗਵੰਤ ਮਾਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਿੱਤੀਆਂ ਗਈਆਂ ਗਾਰੰਟੀਆਂ ’ਚੋਂ ਕੁੱਕ ਵਰਕਰਾਂ ਦੇ ਮਾਣ ਭੱਤੇ ਨੂੰ ਤੁਰੰਤ ਦੁੱਗਣਾ ਕਰਨ ਦੀ ਦਿੱਤੀ ਗਾਰੰਟੀ ਨੂੰ ਵੀ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਰਕੇ ਜਥੇਬੰਦੀ ਵੱਲੋਂ ਅੱਜ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਗਈ ਹੈ। ਰੈਲੀ ਉਪਰੰਤ ਸਿੱਖਿਆ ਮੰਤਰੀ ਦੀ ਕੋਠੀ ਵੱਲ ਮਾਰਚ ਕਰਦਿਆਂ ਮਿੱਡ-ਡੇਅ ਮੀਲ ਵਰਕਰਾਂ ਨੇ ਡਿਊਟੀ ਮੈਜਿਸਟਰੇਟ ਇਸ਼ਾਨ ਚੌਧਰੀ ਰਾਹੀਂ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਸਰਕਾਰੀ ਸਕੂਲਾਂ ਅੰਦਰ ਕੰਮ ਕਰਦੀਆਂ ਕੁੱਕ ਵਰਕਰਾਂ ’ਤੇ ਪੰਜਾਬ ਸਰਕਾਰ ਦੇ ਤਨਖਾਹ ਸਕੇਲ ਲਾਗੂ ਕੀਤੇ ਜਾਣ, ਕੁੱਕ ਵਰਕਰਾਂ ’ਤੇ ਛੁੱਟੀਆਂ ਲੈਣ ਦੇ ਸਾਰੇ ਨਿਯਮ ਲਾਗੂ ਕੀਤੇ ਜਾਣ, ਵਰਕਰਾਂ ਦਾ ਈਪੀਐੱਫ ਅਤੇ ਈਐੱਸਆਈ ਕੱਟਿਆ ਜਾਵੇ, ਬੱਚਿਆਂ ਦੀ ਗਿਣਤੀ ਘਟਣ ਕਾਰਨ ਕੁੱਕ ਵਰਕਰਾਂ ਦੀ ਛਾਂਟੀ ਨਾ ਕੀਤੀ ਜਾਵੇ, ਕੁੱਕ ਵਰਕਰ ਦੀ ਮੌਤ ਹੋਣ ’ਤੇ ਉਸ ਦੇ ਪਰਿਵਾਰਿਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ, ਅੱਠਵੀਂ ਪਾਸ ਵਰਕਰਾਂ ਨੂੰ ਦਰਜਾ-4 ਦੀਆਂ ਖਾਲੀ ਪਈਆਂ ਪੋਸਟਾਂ ’ਤੇ ਨਿਯੁਕਤ ਕੀਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਪ੍ਰਦਰਸ਼ਨ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕੁੱਕ ਵਰਕਰਾਂ ਦੀ ਜਥੇਬੰਦੀ ਦੀ ਇੱਕ ਪੈਨਲ ਮੀਟਿੰਗ 19 ਸਤੰਬਰ ਨੂੰ ਚੰਡੀਗੜ੍ਹ ਵਿੱਚ ਮੰਤਰੀ ਹਰਜੋਤ ਬੈਂਸ ਨਾਲ ਕਰਵਾਉਣ ਦਾ ਸਮਾਂ ਦਿੱਤਾ ਗਿਆ। ਇਸ ਮੌਕੇ ਮਿੱਡ-ਡੇਅ ਮੀਲ ਵਰਕਰਾਂ ਦੇ ਆਗੂ ਪ੍ਰਵੀਨ ਕੁਮਾਰੀ ਲੁਧਿਆਣਾ, ਵੀਨਾ ਘੱਗਾ, ਰਾਜਵਿੰਦਰ ਕੌਰ ਮੁਕਤਸਰ, ਸਰਬਜੀਤ ਕੌਰ ਅੰਮ੍ਰਿਤਸਰ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਮੁਕੇਸ਼ ਕੁਮਾਰ, ਬਲਵੀਰ ਸਿਵੀਆ ਨੇ ਸੰਬੋਧਨ ਕੀਤਾ।