ਹਰਜੀਤ ਸਿੰਘ
ਖਨੌਰੀ, 1 ਸਤੰਬਰ
ਸਰਕਾਰੀ ਬੱਸਾਂ ਦੇ ਰੂਟ ਬੰਦ ਹੋਣ ਕਾਰਨ ਖਨੌਰੀ ਅਤੇ ਆਸ-ਪਾਸ ਦੇ ਪਿੰਡ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ- ਬਲਜੀਤ ਸਿੰਘ, ਸੋਨੂੰ ਸਿੰਘ, ਰਿੰਕੂ ਰਾਮ, ਰਣਜੀਤ ਸਿੰਘ ਸਿੰਘ ਅਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹਿਆਂ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾਂ ਦਾ ਪਹਿਲਾ ਰੂਟ ਖਨੌਰੀ ਅਤੇ ਇਸ ਦੇ ਅਗਲੇ ਪਿੰਡਾਂ ਬਹਿਰ ਸਾਹਿਬ, ਸੰਗਤਪੁਰਾ ਅਤੇ ਕੈਥਲ ਵਿੱਚ ਰਾਤ ਨੂੰ ਬੱਸਾਂ ਦਾ ਠਹਿਰਾਅ ਹੁੰਦਾ ਸੀ। ਇਸ ਕਾਰਨ ਖਨੌਰੀ ਅਤੇ ਆਸ-ਪਾਸ ਦੇ ਪਿੰਡਾਂ ਤੋਂ ਸਕੂਲ, ਕਾਲਜ ਜਾਂ ਡਿਊਟੀ ’ਤੇ ਜਾਣ ਵਾਲੇ ਲੋਕਾਂ ਨੂੰ ਸਹੀ ਸਮੇਂ ’ਤੇ ਸਵੇਰ ਦੀ ਬੱਸ ਦੀ ਸਹੂਲਤ ਮਿਲ ਜਾਂਦੀ ਸੀ। ਇਸ ਕਾਰਨ ਉਹ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚ ਸਕਦੇ ਸਨ ਪਰ ਅਧਿਕਾਰੀਆਂ ਨੇ ਇਨ੍ਹਾਂ ਬੱਸਾਂ ਦੇ ਜ਼ਿਆਦਾਤਰ ਰੂਟ ਬੰਦ ਕਰ ਦਿੱਤੇ ਹਨ ਅਤੇ ਖਨੌਰੀ ਤੋਂ ਪਿਛਲੇ ਸਟਾਪ ਪਾਤੜਾਂ ਤੱਕ ਹੀ ਕੁੱਝ ਬੱਸਾਂ ਦੇ ਰੂਟ ਬੰਦ ਕਰ ਦਿੱਤੇ ਹਨ। ਇਸ ਕਾਰਨ ਲੋਕ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਬੱਸਾਂ ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਬੁਢਲਾਡਾ, ਫ਼ਰੀਦਕੋਟ ਅਤੇ ਪਟਿਆਲਾ ਡਿੱਪੂਆਂ ਤੋਂ ਕੈਥਲ ਅਤੇ ਜੀਂਦ ਵਾਇਆ ਖਨੌਰੀ ਤੱਕ ਚੱਲਦੀਆਂ ਹਨ। ਇਨ੍ਹਾਂ ਬੱਸਾਂ ਦੇ ਚੱਲਣ ਕਾਰਨ ਖਨੌਰੀ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਸ਼ਾਮ, ਦੇਰ ਰਾਤ ਅਤੇ ਤੜਕੇ ਸਮੇਂ ਆਵਾਜਾਈ ਦੀ ਸਹੂਲਤ ਮਿਲ ਸਕਦੀ ਸੀ ਪਰ ਹੌਲੀ-ਹੌਲੀ ਇਨ੍ਹਾਂ ਬੱਸਾਂ ਦੇ ਰੂਟ ਬੰਦ ਹੋਣ ਕਾਰਨ ਖਨੌਰੀ ਵਿੱਚ ਸਿਰਫ਼ ਦੋ ਬੱਸਾਂ ਹੀ ਰਹਿ ਗਈਆਂ ਹਨ। ਇਸ ਕਾਰਨ ਵਿਦਿਆਰਥੀਆਂ ਨੂੰ ਸਕੂਲ-ਕਾਲਜ ਅਤੇ ਨੌਕਰੀ ਪੇਸ਼ਾ ਕਰਮਚਾਰੀਆਂ ਨੂੰ ਸਵੇਰੇ ਡਿਊਟੀ ਲਈ ਜਾਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਖਨੌਰੀ ਵਿੱਚ ਸਵੇਰੇ 7 ਤੋਂ 8: 30 ਵਜੇ ਤੱਕ ਪੰਜਾਬ ਰੋਡਵੇਜ਼ ਦੀ ਕੋਈ ਬੱਸ ਸਹੂਲਤ ਨਹੀਂ ਹੈ। ਰਾਤ ਵੇਲੇ ਪਾਤੜਾਂ ਦੇ ਬੱਸ ਅੱਡੇ ’ਤੇ 50 ਤੋਂ ਵੱਧ ਬੱਸਾਂ ਰੁਕਦੀਆਂ ਹਨ। ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਬੱਸਾਂ ਸ਼ਾਮ ਵੇਲੇ ਪਾਤੜਾਂ ਵਿੱਚ ਰੁਕਦੀਆਂ ਹਨ, ਉਨ੍ਹਾਂ ਵਿੱਚੋਂ ਕੁੱਝ ਬੱਸਾਂ ਖਨੌਰੀ ਤੱਕ ਚਾਲੂ ਕੀਤੀਆਂ ਜਾਣ ਤਾਂ ਜੋ ਲੋਕਾਂ ਨੂੰ ਰਾਤ ਅਤੇ ਸਵੇਰ ਲਈ ਬੱਸ ਦੀ ਸਹੂਲਤ ਮਿਲ ਸਕੇ।