ਮੁੰਬਈ, 2 ਸਤੰਬਰ
ਕੈਨੇਡਾ ਦੇ ਵੈਨਕੂਵਰ ਵਿਚਲੇ ਵਿਕਟੋਰੀਆ ਆਈਲੈਂਡ ਸਥਿਤ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਮਗਰੋਂ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਸੂਤਰਾਂ ਅਨੁਸਾਰ ਇਹ ਘਟਨਾ ਬੀਤੇ ਦਿਨ ਵਾਪਰੀ ਤੇ ਇਸ ਮਗਰੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਰੋਹਿਤ ਗੋਦਾਰਾ ਨਾਂ ਦੇ ਵਿਅਕਤੀ ਨੇ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਘਟਨਾ ਦੀ ਵੀਡੀਓ ਦੀ ਸੁਰੱਖਿਆ ਏਜੰਸੀਆਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਗੈਂਗਸਟਰ ਗੋਲਡੀ ਬਰਾੜ, ਜੋ ਕਥਿਤ ਤੌਰ ’ਤੇ ਕੈਨੇਡਾ ’ਚ ਰਹਿੰਦਾ ਹੈ, ’ਤੇ ਵੀ ਇਸ ਘਟਨਾ ਪਿੱਛੇ ਹੋਣ ਦਾ ਸ਼ੱਕ ਹੈ। ਹਾਲਾਂਕਿ ਕੈਨੇਡਾ ਦੇ ਅਧਿਕਾਰਤ ਬਿਆਨ ਦੀ ਉਡੀਕ ਕੀਤੀ ਜਾ ਰਹੀ ਹੈ। ਗੋਲਡੀ ਬਰਾੜ ਜੇਲ੍ਹ ’ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਹੈ। ਗੋਲੀਬਾਰੀ ਪਿਛਲਾ ਮਕਸਦ ਪਤਾ ਲਾਉਣ ਤੇ ਵੈਨਕੂਵਰ ’ਚ ਢਿੱਲੋਂ ਤੇ ਉਸ ਦੇ ਗੁਆਂਢੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਅਧਿਕਾਰੀ ਸਰਗਰਮੀ ਨਾਲ ਘਟਨਾ ਦੀ ਜਾਂਚ ਕਰ ਰਹੇ ਹਨ। ਗੋਲਡੀ ਬਰਾੜ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਯੂਏਪੀਏ ਤਹਿਤ ਅਤਿਵਾਦੀ ਐਲਾਨਿਆ ਹੋਇਆ ਹੈ। -ਆਈਏਐੱਨਐੱਸ