ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਸਤੰਬਰ
ਟਾਂਗਰੀ ਨਦੀ ਵਿੱਚ ਅੱਜ ਸਵੇਰੇ 11 ਵਜੇ ਦੇ ਕਰੀਬ ਅਚਾਨਕ ਪਾਣੀ ਦਾ ਪੱਧਰ ਵਧਣ ਕਾਰਨ ਆਸ-ਪਾਸ ਵਸੇ ਲੋਕਾਂ ਵਿਚ ਖ਼ੌਫ਼ ਪੈਦਾ ਹੋ ਗਿਆ ਹੈ। ਨਦੀ ਦਾ ਪਾਣੀ ਨੇੜਲੀਆਂ ਗਲੀਆਂ ਵਿੱਚ ਪਹੁੰਚ ਗਿਆ ਹੈ। ਘਬਰਾਏ ਹੋਏ ਲੋਕਾਂ ਨੇ ਆਪਣਾ ਸਾਮਾਨ ਸਿਰਾਂ ਅਤੇ ਰੇੜ੍ਹੀਆਂ ’ਤੇ ਲੱਦ ਕੇ ਸੁਰੱਖਿਆ ਥਾਵਾਂ ’ਤੇ ਪਹੁੰਚਾਇਆ। ਲੋਕਾਂ ਨੇ ਵਿਰੋਧ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਪਿਛਲੇ ਸਾਲ ਦੇ ਡਰੇ ਹੋਏ ਲੋਕ ਚਿੰਤਾ ਵਿੱਚ ਡੁੱਬੇ ਹੋਏ ਹਨ। ਪ੍ਰਸ਼ਾਸਨ ਨੇ ਪਾਣੀ ਆਉਣ ਤੋਂ ਪਹਿਲਾਂ ਕੋਈ ਸੂਚਨਾ ਨਹੀਂ ਦਿੱਤੀ। ਪਾਣੀ ਆਉਣ ਤੋਂ ਦੋ-ਤਿੰਨ ਘੰਟੇ ਬਾਅਦ ਪ੍ਰਸ਼ਾਸਨ ਵੱਲੋਂ ਸੂਚਨਾ ਦਿੱਤੀ ਗਈ ਕਿ ਪਾਣੀ ਜ਼ਿਆਦਾ ਆ ਸਕਦਾ ਹੈ। ਇੱਕ ਜਣੇ ਨੇ ਦੱਸਿਆ ਕਿ ਪਰਿਵਾਰ ਆਪਣਾ ਬਚਾਅ ਕਰਨ ਲਈ ਸੁਰੱਖਿਅਤ ਥਾਵਾਂ ’ਤੇ ਜਾ ਰਹੇ ਹਨ।