ਇੰਦੌਰ:
ਅਮਰੀਕਾ ਦਾ ਨਾਗਰਿਕ ਮੱਧ ਪ੍ਰਦੇਸ਼ ਵਿੱਚ ਇੰਦੌਰ ਦੇ ਫਾਈਵ ਸਟਾਰ ਹੋਟਲ ਦੇ ਕਮਰੇ ਵਿੱਚ ਮ੍ਰਿਤ ਮਿਲਿਆ ਹੈ। ਏਡੀਸੀਪੀ ਰਾਜੇਸ਼ ਦੰਡੋਤੀਆ ਨੇ ਕਿਹਾ ਕਿ ਘਟਨਾ ਸਥਾਨ ’ਤੇ ਝੜਪ ਦਾ ਕੋਈ ਨਿਸ਼ਾਨ ਨਹੀਂ ਹੈ ਅਤੇ ਪੋਸਟਮਾਰਟਮ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ, ‘‘ਅਮਰੀਕੀ ਨਾਗਰਿਕ ਵਿਲੀਅਮ ਮਾਈਕਲ ਰਿਨੋਲਡਜ਼ (36) ਵਿਜੈ ਨਗਰ ਇਲਾਕੇ ਵਿੱਚ ਇੱਕ ਹੋਟਲ ਵਿੱਚ ਮ੍ਰਿਤ ਮਿਲਿਆ ਹੈ। ਉਹ ਸ਼ਿਕਾਗੋ ਦਾ ਵਸਨੀਕ ਹੈ, ਜਦੋਂ ਇੱਕ ਵਿਅਕਤੀ ਉਸ ਨੂੰ ਮਿਲਣ ਗਿਆ ਤਾਂ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਬਾਅਦ ਵਿੱਚ ਜਦੋਂ ਹੋਟਲ ਸਟਾਫ ਨੇ ਦਰਵਾਜ਼ਾ ਖੋਲ੍ਹਿਆ ਤਾਂ ਰਿਨੋਲਡਜ਼ ਮ੍ਰਿਤ ਮਿਲਿਆ। ਕਮਰੇ ਵਿੱਚ ਖਿੱਚ-ਧੂਹ ਦਾ ਕੋਈ ਨਿਸ਼ਾਨ ਨਹੀਂ ਹੈ।’’ ਦੰਡੋਤੀਆ ਨੇ ਕਿਹਾ ਕਿ ਵਿਲੀਅਮ 30 ਅਗਸਤ ਤੋਂ ਹੋਟਲ ਵਿੱਚ ਠਹਿਰਿਆ ਹੋਇਆ ਸੀ ਅਤੇ ਉਸ ਦਾ ਅੱਜ ਜਾਣ ਦਾ ਪ੍ਰੋਗਰਾਮ ਸੀ। ਸ਼ੱਕ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। -ਪੀਟੀਆਈ