ਪੱਤਰ ਪ੍ਰੇਰਕ
ਪਟਿਆਲਾ, 2 ਸਤੰਬਰ
ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦੇ ਦੇਹਾਂਤ ਸਬੰਧੀ ਉਨ੍ਹਾਂ ਦੇ ਪੁੱਤਰਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਭਾਜਪਾ ਦੇ ਸੀਨੀਅਰ ਆਗੂ ਗੁਰਜੀਤ ਸਿੰਘ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿਧਾਇਕ ਬੁੱਧ ਰਾਮ ਕਾਰਜਕਾਰੀ ਸੂਬਾ ਪ੍ਰਧਾਨ ‘ਆਪ’ ਸਣੇ ਹੋਰ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ। ਅਮਨ ਅਰੋੜਾ ਨੇ ਕਿਹਾ ਕਿ ਕੋਹਲੀ ਪਰਿਵਾਰ ਕਈ ਦਹਾਕਿਆਂ ਤੋਂ ਪਟਿਆਲਵੀਆਂ ਦੀ ਸੇਵਾ ਕਰਦਾ ਆ ਰਿਹਾ ਹੈ। ਇਸ ਪਰਿਵਾਰ ਵਿੱਚੋਂ ਸਰਦਾਰਾ ਸਿੰਘ ਕੋਹਲੀ, ਸੁਰਜੀਤ ਸਿੰਘ ਕੋਹਲੀ ਅਤੇ ਹੁਣ ਉਨ੍ਹਾਂ ਦੇ ਫ਼ਰਜ਼ੰਦ ਅਜੀਤਪਾਲ ਸਿੰਘ ਕੋਹਲੀ ਵਿਧਾਇਕ ਵਜੋਂ ਲੋਕਾਂ ਦੀ ਸੇਵਾ ਕਰ ਰਹੇ ਹਨ, ਇਸ ਲਈ ਸੁਰਜੀਤ ਸਿੰਘ ਕੋਹਲੀ ਦੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਵੱਡਾ ਘਾਟਾ ਪਿਆ ਹੈ, ਉਨ੍ਹਾਂ ਕਿਹਾ ਕਿ ਸ੍ਰੀ ਕੋਹਲੀ ਨੇ ਆਪਣੇ ਸਿਆਸੀ ਜੀਵਨ ਵਿੱਚ ਕੌਂਸਲਰ ਤੋਂ ਮੰਤਰੀ ਬਣਨ ਤੱਕ ਦਾ ਸਫ਼ਰ ਤੈਅ ਕੀਤਾ। ਉਨ੍ਹਾਂ ਆਪਣੇ ਸਿਆਸੀ ਜੀਵਨ ਵਿੱਚ ਹਮੇਸ਼ਾ ਸੂਬੇ ਦੀ ਬਿਹਤਰੀ ਲਈ ਕੰਮ ਕੀਤਾ, ਜੋ ਹਮੇਸ਼ਾ ਯਾਦ ਰੱਖਿਆ ਜਾਵੇਗਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਲਾਲ ਸਿੰਘ ਸਾਬਕਾ ਮੰਤਰੀ, ਕਰਨਬੀਰ ਸਿੰਘ ਟਿਵਾਣਾ, ਬਿੱਲੂ ਬੇਦੀ, ਸਿਕੰਦਰ ਸਿੰਘ ਮਲੂਕਾ ਸਾਬਕਾ ਮੰਤਰੀ, ਪਰਮਜੀਤ ਸਿੰਘ ਗਿੱਲ ਸਾਬਕਾ ਡੀ.ਆਈ.ਜੀ, ਪ੍ਰਭਜੋਤ ਕੌਰ ਗਰੇਵਾਲ ਐੱਸਐੱਸਪੀ ਫ਼ਤਿਹਗੜ੍ਹ ਸਾਹਿਬ, ਐੱਸ.ਪੀ. ਦਲਜੀਤ ਸਿੰਘ ਰਾਣਾ, ਹਰਪਾਲ ਸਿੰਘ ਐੱਸ.ਪੀ., ਰਾਜੇਸ਼ ਧੀਮਾਨ ਆਈ.ਏ.ਐੱਸ, ਰਾਜੇਸ਼ ਛਿੱਬਰ ਡੀ.ਐੱਸ.ਪੀ. ਸਮੇਤ ਵੱਡੀ ਗਿਣਤੀ ਸ਼ਹਿਰਵਾਸੀ, ਰਿਸ਼ਤੇਦਾਰ, ਧਾਰਮਿਕ, ਸਮਾਜਿਕ, ਸਿਆਸੀ ਅਤੇ ਹੋਰ ਆਗੂ ਸ਼ਾਮਲ ਸਨ।