ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਸਤੰਬਰ
ਬਿਜਲੀ ਗਰਿੱਡ ਚੋਰਵਾਲਾ ਦੇ ਅਧੀਨ ਆਉਂਦਾ ਖਰੌੜਾ ਫੀਡਰ ਪਿਛਲੇ 10 ਦਿਨ ਤੋਂ ਬੰਦ ਹੋਣ ਕਾਰਨ ਕਿਸਾਨ ਪ੍ਰੇੇਸ਼ਾਨ ਹੋ ਰਹੇ ਹਨ। ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਪਿੰਡ ਬੁਚੜੇ ਦਾ ਦੌਰਾ ਕਰਨ ਉਪਰੰਤ ਕਿਹਾ ਕਿ ਬਿਜਲੀ ਨਾ ਮਿਲਣ ਕਾਰਨ ਇਲਾਕੇ ਦੇ ਕਿਸਾਨਾਂ ਦੀ ਫ਼ਸਲ ਸੁੱਕ ਰਹੀ ਹੈ ਅਤੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ ’ਤੇ ਛਿੜਕਾਅ ਕਰਨ ਲਈ ਦੂਰ-ਦੁਰਾਡੇ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ। ਉਨ੍ਹਾਂ ਇਸ ਮੌਕੇ ਜਦੋਂ ਚੌਰਵਾਲੇ ਗਰਿਡ ਦੇ ਐੱਸਡੀਓ ਜਸਵਿੰਦਰ ਰਾਮ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦਾ ਖੰਭਾ ਟੁੱਟਣ ਕਾਰਨ ਸਪਲਾਈ ਬੰਦ ਹੈ। ਮਹਿਕਮੇ ਕੋਲ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਕੰਮ ਨਹੀਂ ਕਰਵਾਇਆ ਜਾ ਸਕਿਆ ਅਤੇ ਜਲਦ ਹੀ ਇਸ ਨੂੰ ਠੀਕ ਕਰਵਾਇਆ ਜਾਵੇਗਾ। ਸ੍ਰੀ ਭੁੱਟਾ ਨੇ ਕਿਹਾ ਕਿ ਪਾਵਰਕੌਮ ਨੂੰ ਮੁਲਾਜ਼ਮਾਂ ਦੀ ਭਰਤੀ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇ 24 ਘੰਟਿਆਂ ਵਿੱਚ ਬਿਜਲੀ ਦੀ ਸਪਲਾਈ ਚਾਲੂ ਨਾ ਕੀਤੀ ਤਾਂ ਬਿਜਲੀ ਗਰਿੱਡ ਚੋਰਵਾਲਾ ਅੱਗੇ ਕਿਸਾਨਾਂ ਨੂੰ ਲੈ ਕੇ ਧਰਨਾ ਦਿੱਤਾ ਜਾਵੇਗਾ। ਬਿਜਲੀ ਸਪਲਾਈ ਨਾ ਮਿਲਣ ਕਾਰਨ 150 ਮੋਟਰ ਕੁਨੈਕਸ਼ਨ ਬੰਦ ਪਏ ਹਨ। ਇਸ ਮੌਕੇ ਏਕਮ ਸਿੰਘ, ਰਣਜੀਤ ਸਿੰਘ, ਕੁਲਬੀਰ ਸਿੰਘ, ਬਲਵੀਰ ਸਿੰਘ, ਗੁਰਸੇਵਕ ਸਿੰਘ, ਗੁਰਵਿੰਦਰ ਸਿੰਘ, ਸਾਹਿਬ ਸਿੰਘ ਅਤੇ ਸ਼ਰਨਦੀਪ ਸਿੰਘ ਆਦਿ ਹਾਜ਼ਰ ਸਨ।