ਨਵੀਂ ਦਿੱਲੀ:
ਅਣਚਾਹੀਆਂ ਕਾਲਾਂ ਅਤੇ ਗ਼ੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਕੰਪਨੀਆਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਰਵਾਈ ਕਰਦਿਆਂ 2.75 ਲੱਖ ਟੈਲੀਫੋਨ ਨੰਬਰ ਕੱਟ ਦਿੱਤੇ ਗਏ ਅਤੇ 50 ਫਰਮਾਂ ਦੀਆਂ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਇਹ ਕਾਰਵਾਈ ਦੂਰਸੰਚਾਰ ਰੈਗੂਲੇਟਰ ਟਰਾਈ ਵੱਲੋਂ ਹਾਲ ਹੀ ਵਿੱਚ ਅਪਣਾਏ ਗਏ ਸਖ਼ਤ ਰੁਖ਼ ਤਹਿਤ ਹੋਈ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਦੂਰਸੰਚਾਰ ਕੰਪਨੀਆਂ ਨੂੰ ਕਿਹਾ ਸੀ ਕਿ ਗ਼ੈਰ-ਰਜਿਸਟਰਡ ਟੈਲੀ ਮਾਰਕੀਟਿੰਗ ਕੰਪਨੀਆਂ ਨੂੰ ਕਾਲੀ ਸੂਚੀ ਵਿੱਚ ਪਾਇਆ ਜਾਵੇ ਅਤੇ ਇਨ੍ਹਾਂ ਨਾਲ ਜੁੜੇ ਨੰਬਰ ਬੰਦ ਕੀਤੇ ਜਾਣ। ਟਰਾਈ ਨੇ ਅੱਜ ਬਿਆਨ ਵਿੱਚ ਕਿਹਾ ਕਿ ਉਸ ਨੇ ਫਰਜ਼ੀ ਕਾਲਾਂ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਇਸ ਸਾਲ ਪਹਿਲੀ ਛਿਮਾਹੀ ਵਿੱਚ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਫਰਮਾਂ ਖ਼ਿਲਾਫ਼ 7.9 ਲੱਖ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਹਨ। ਟਰਾਈ ਨੇ ਕਿਹਾ ਕਿ ਇਸ ’ਤੇ ਲਗਾਮ ਲਾਉਣ ਲਈ 13 ਅਗਸਤ ਨੂੰ ਸਾਰੇ ਅਕਸੈਸ ਦੇਣ ਵਾਲਿਆਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਸਨ ਅਤੇ ਗੈਰ-ਰਜਿਸਟਰਡ ਟੈਲੀ-ਮਾਰਕੀਟਿੰਗ ਫਰਮਾਂ ’ਤੇ ਫੌਰੀ ਰੋਕ ਲਗਾਉਣ ਲਈ ਕਿਹਾ ਗਿਆ ਸੀ। -ਪੀਟੀਆਈ