ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਸਤੰਬਰ
ਗਿੱਲ ਰੋਡ ਅਰੋੜਾ ਪੈਲੇਸ ਲਾਈਟ ’ਤੇ ਖੜ੍ਹੇ ਇੱਕ ਵਕੀਲ ਨਾਲ ਇੱਕ ਕਾਰ ’ਚ ਸਵਾਰ ਨੌਜਵਾਨਾਂ ਨੇ ਬਿਨਾਂ ਕਿਸੇ ਕਾਰਨ ਕੁੱਟਮਾਰ ਕੀਤੀ। ਜਦੋਂ ਵਕੀਲ ਨੇ ਕਾਰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨ ਕਾਰ ਰੋਕਣ ਦੀ ਬਜਾਇ ਭਜਾ ਕੇ ਲੈ ਗਏ। ਜਦੋਂ ਵਕੀਲ ਨੇ ਕਾਰ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ 100 ਮੀਟਰ ਤੱਕ ਘਸੀਟਦੇ ਲੈ ਗਏ, ਪਰ ਨਾ ਰੁਕੇ। ਰਾਹਗੀਰਾਂ ਨੇ ਕਾਰ ਨੂੰ ਰੋਕ ਕੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਥਾਣਾ ਸ਼ਿਮਲਾਪੁਰੀ ਪੁਲੀਸ ਨੇ ਸ਼ਿਕਾਇਤ ਲੈ ਲਈ ਹੈ। ਪੁਲੀਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਲੋਕਾਂ ਨੇ ਇਸ ਸਾਰੇ ਮਾਮਲੇ ਦੀ ਵੀਡੀਓ ਬਣਾ ਲਈ ਤੇ ਵਾਇਰਲ ਕਰ ਦਿੱਤੀ।
ਵਕੀਲ ਦਰਸ਼ਨ ਪਾਲੀਵਾਲ ਨੇ ਦੱਸਿਆ ਕਿ ਉਹ ਗਿੱਲ ਰੋਡ ਅਰੋੜਾ ਪੈਲੇਸ ਦੀਆਂ ਲਾਈਟਾਂ ਕੋਲ ਖੜ੍ਹਾ ਸੀ। ਇਸ ਦੌਰਾਨ ਕਾਰ ’ਚ ਸਵਾਰ ਕੁਝ ਨੌਜਵਾਨਾਂ ਨੇ ਬਿਨਾਂ ਕਿਸੇ ਕਾਰਨ ਉਸ ਨਾਲ ਬਦਸਲੂਕੀ ਕੀਤੀ। ਜਦੋਂ ਉਸ ਨੇ ਕਾਰ ਨੂੰ ਸਾਈਡ ’ਤੇ ਖੜ੍ਹਾ ਕਰਨ ਕਿਹਾ ਤਾਂ ਉਹ ਕਾਰ ਭਜਾ ਕੇ ਲੈ ਗਏ। ਵਕੀਲ ਦਰਸ਼ਨ ਪਾਲੀਵਾਲ ਨੇ ਦੱਸਿਆ ਕਿ ਜਦੋਂ ਉਹ ਕਾਰ ਰੋਕਣ ਲਈ ਬੋਨਟ ’ਤੇ ਬੈਠ ਗਿਆ ਤਾਂ ਨੌਜਵਾਨਾਂ ਨੇ ਕਾਰ ਭਜਾ ਲਈ। ਕਰੀਬ ਸੌ ਮੀਟਰ ਦੀ ਦੂਰੀ ’ਤੇ ਕਾਰ ਸਵਾਰਾਂ ਨੇ ਕਾਰ ਰੋਕ ਕੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤੀ ਅਤੇ ਹੱਥੋਪਾਈ ਵੀ ਕੀਤੀ ਜਿਸ ਤੋਂ ਬਾਅਦ ਕਾਰ ਸਵਾਰ ਫ਼ਰਾਰ ਹੋ ਗਏ। ਥਾਣਾ ਸ਼ਿਮਲਾਪੁਰੀ ਦੇ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤ ਆਈ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।