ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਸਤੰਬਰ
ਸਾਹਨੇਵਾਲ ਦੇ ਪਿੰਡ ਉਮੈਦਪੁਰ ਇਲਾਕੇ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਇੱਕ ਹਜ਼ਾਰ ਰੁਪਏ ਦੇ ਲੈਣ-ਦੇਣ ਚੱਕਰ ’ਚ ਇੱਕ ਵਿਅਕਤੀ ’ਤੇ ਟਾਈਲ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਮੁਲਜ਼ਮ ਪਾਰਕ ’ਚ ਹੀ ਵਿਅਕਤੀ ’ਤੇ ਹਮਲਾ ਕਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦੀ ਭੈਣ ਰਾਜਵਿੰਦਰ ਕੌਰ ਉਸ ਨੂੰ ਖਾਣਾ ਖੁਆਉਣ ਲਈ ਬੁਲਾਉਣ ਲਈ ਗਈ। ਥਾਣਾ ਸਾਹਨੇਵਾਲ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਜਗਦੇਵ ਸਿੰਘ ਦਾ ਕਤਲ ਉਸੇ ਪਿੰਡ ਦੇ ਹੀ ਸਰਬਜੀਤ ਸਿੰਘ ਨੇ ਕੀਤਾ ਹੈ ਜਿਸ ਤੋਂ ਬਾਅਦ ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਟਰੇਸ ਕਰ ਕੇ ਕੁਝ ਘੰਟਿਆਂ ਵਿੱਚ ਹੀ ਕਾਬੂ ਕਰ ਲਿਆ। ਦੂਜੇ ਪਾਸੇ, ਪੁਲੀਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ। ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ (55) ਪਿੰਡ ਵਿੱਚ ਹੀ ਆਪਣੇ ਪਰਿਵਾਰ ਤੋਂ ਵੱਖਰੇ ਮਕਾਨ ਵਿੱਚ ਰਹਿੰਦਾ ਸੀ, ਪਰ ਉਹ ਆਪਣੀ ਭੈਣ ਰਾਜਵਿੰਦਰ ਕੌਰ ਦੇ ਘਰ ਖਾਣਾ ਖਾਣ ਲਈ ਜਾਂਦਾ ਸੀ। ਜਗਦੇਵ ਸਿੰਘ ਨੇ ਕੁਝ ਸਮਾਂ ਪਹਿਲਾਂ ਮੁਲਜ਼ਮ ਸਾਵੀ ਦੀ ਮਾਂ ਨੂੰ ਇੱਕ ਹਜ਼ਾਰ ਰੁਪਏ ਉਧਾਰ ਦਿੱਤੇ ਸਨ। ਉਸ ਨੇ ਮੁਲਜ਼ਮ ਸਾਵੀ ਦੀ ਮਾਂ ਤੋਂ ਕਈ ਵਾਰ ਪੈਸੇ ਮੰਗੇ, ਪਰ ਉਹ ਪੈਸੇ ਵਾਪਸ ਨਹੀਂ ਕਰ ਸਕੀ ਜਿਸ ਕਾਰਨ ਸਾਵੀ ਅਤੇ ਜਗਦੇਵ ਸਿੰਘ ਆਹਮੋ-ਸਾਹਮਣੇ ਹੋ ਗਏ ਤੇ ਹਜ਼ਾਰ ਰੁਪਏ ਕਰਕੇ ਉਨ੍ਹਾਂ ਦੀ ਆਪਸ ਵਿੱਚ ਲੜਾਈ ਹੋ ਗਈ। ਦੇਰ ਰਾਤ ਸ਼ਰਾਬ ਦੇ ਨਸ਼ੇ ਵਿੱਚ ਸਾਵੀ ਉੱਥੇ ਦੁਬਾਰਾ ਆਇਆ ਤੇ ਜਗਦੇਵ ਸਿੰਘ ਕੋਲ ਪਾਰਕ ਵਿੱਚ ਚਲਾ ਗਿਆ। ਦੋਵਾਂ ਵਿਚਾਲੇ ਫਿਰ ਤਕਰਾਰ ਹੋ ਗਈ ਅਤੇ ਮੁਲਜ਼ਮ ਨੇ ਜਗਦੇਵ ਸਿੰਘ ਦਾ ਟਾਈਲ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ।
ਔਰਤ ਦਾ ਕਤਲ ਕਰਨ ਮਗਰੋਂ ਲਾਸ਼ ਖੇਤਾਂ ਵਿੱਚ ਸੁੱਟੀ
ਮਾਛੀਵਾੜਾ: ਪਿੰਡ ਧਨਾਨਸੂ ਦੇ ਇੱਕ ਖੇਤ ਵਿੱਚੋਂ ਇੱਕ ਔਰਤ ਦੀ ਲਾਸ਼ ਮਿਲੀ ਹੈ ਜਿਸਨੂੰ ਕਤਲ ਕਰ ਕੇ ਉੱਥੇ ਸੁੱਟਿਆ ਹੋਇਆ ਸੀ। ਇਸ ਸਬੰਧੀ ਗੁਰਮੀਤ ਸਿੰਘ ਵਾਸੀ ਸ਼ਾਲੂ ਭੈਣੀ ਨੇ ਪੁਲੀਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਉਸਨੇ ਸ਼ਾਲੂ ਭੈਣੀ ਤੋਂ ਧਨਾਨਸੂ ਰੋਡ ’ਤੇ ਜ਼ਮੀਨ ਠੇਕੇ ’ਤੇ ਲਈ ਹੋਈ ਹੈ। ਅੱਜ ਸਵੇਰੇ ਉਹ ਆਪਣੇ ਘਰ ਤੋਂ ਜਦੋਂ ਝੋਨਾ ਦੇਖਣ ਗਿਆ ਤਾਂ ਖੇਤ ਵਿੱਚ ਲੱਗੇ ਬਿਜਲੀ ਟਾਵਰ ਨੇੜੇ ਇੱਕ ਔਰਤ ਦੀ ਲਾਸ਼ ਪਈ ਸੀ ਜਿਸਦੇ ਲਾਲ ਰੰਗ ਦੇ ਕੱਪੜੇ ਪਾਏ ਹੋਏ ਸਨ। ਇਸ ਘਟਨਾ ਸਬੰਧੀ ਉਸਨੇ ਪੁਲੀਸ ਨੂੰ ਸੂਚਿਤ ਕੀਤਾ। ਔਰਤ ਦੀ ਪਛਾਣ ਛੁਪਾਉਣ ਲਈ ਕਾਤਲ ਵੱਲੋਂ ਉਸਦਾ ਚਿਹਰਾ ਵੀ ਬੁਰੀ ਤਰ੍ਹਾਂ ਖ਼ਰਾਬ ਕੀਤਾ ਹੋਇਆ ਸੀ ਅਤੇ ਉਸਦੀ ਬਾਂਹ ਵੀ ਸੜੀ ਹੋਈ ਸੀ। ਥਾਣਾ ਮੁਖੀ ਕੁਲਵੀਰ ਸਿੰਘ ਨੇ ਦੱਸਿਆ ਕਿ ਫਿਲਹਾਲ ਪੁਲੀਸ ਵੱਲੋਂ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਕੀਤੀ ਗਈ ਔਰਤ ਪਰਵਾਸੀ ਮਜ਼ਦੂਰ ਲੱਗ ਰਹੀ ਹੈ। – ਪੱਤਰ ਪ੍ਰੇਰਕ