ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਸਤੰਬਰ
ਪੰਜਾਬ ਵਿਧਾਨ ਸਭਾ ਵਿੱਚ ਬੁੱਢੇ ਨਾਲੇ ਦੇ ਮਸਲੇ ’ਤੇ ਵਿਚਾਰ-ਚਰਚਾ ਨਾ ਹੋਣ ਤੋਂ ਨਾਰਾਜ਼ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਤੇ ਹੋਰ ਅੱਜ ਵਿਧਾਨ ਸਭਾ ਦੇ ਬਾਹਰ ਬੁੱਢੇ ਨਾਲੇ ਦਾ ਮਸਲਾ ਚੁੱਕਣ ਪੁੱਜੇ। ਇਸ ਦੌਰਾਨ ਲੱਖਾ ਸਿਧਾਣਾ, ਅਮਿਤੋਜ ਮਾਨ, ਜਸਕਿਰਤ ਸਿੰਘ ਤੇ ਹੋਰਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਥਾਣਾ ਸੈਕਟਰ-3 ਲਿਜਾਇਆ ਗਿਆ ਅਤੇ ਦੇਰ ਸ਼ਾਮ ਛੱਡਿਆ ਗਿਆ। ਲੱਖਾ ਸਿਧਾਣਾ ਨੇ ਕਿਹਾ ਕਿ ਬੁੱਢੇ ਨਾਲੇ ਦਾ ਪਾਣੀ ਬੁਰੀ ਤਰ੍ਹਾਂ ਪਲੀਤ ਹੋ ਚੁੱਕਿਆ ਹੈ, ਜਿਸ ਕਰਕੇ ਲੋਕ ਘਾਤਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ। ਇਸ ਮੁੱਦੇ ’ਤੇ ਸੂਬਾ ਸਰਕਾਰ ਗੱਲ ਕਰਨ ਲਈ ਤਿਆਰ ਨਹੀਂ ਹੈ। ਲੰਘੇ ਦਿਨ ਵਿਧਾਇਕ ਮਨਪ੍ਰੀਤ ਇਯਾਲੀ ਨੇ ਬੁੱਢੇ ਨਾਲੇ ਦੇ ਮਸਲੇ ’ਤੇ ਵਿਚਾਰ-ਚਰਚਾ ਕਰਨ ਦੀ ਮੰਗ ਕੀਤੀ ਤਾਂ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਮੁੱਖ ਮੰਤਰੀ ਨੂੰ ਬੁੱਢੇ ਨਾਲੇ ਦੇ ਮਾਮਲੇ ’ਤੇ ਸੰਜੀਦਗੀ ਨਾਲ ਕੰਮ ਕਰਨਾ ਚਾਹੀਦਾ ਹੈ।