ਨਵੀਂ ਦਿੱਲੀ:
ਦਿੱਲੀ ਪੁਲੀਸ ਨੇ ਐਟਲਸ ਸਾਈਕਲਜ਼ ਦੇ ਸਾਬਕਾ ਪ੍ਰਧਾਨ ਸਲਿਲ ਕਪੂਰ (65) ਦੀ ਕਥਿਤ ਖੁ਼ਦਕੁਸ਼ੀ ਦੇ ਮਾਮਲੇ ’ਚ ਚਾਰ ਵਿਅਕਤੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਕਪੂਰ ਦੀ ਲਾਸ਼ ਲੰਘੇ ਦਿਨ ਉਸ ਦੇ ਤਿੰਨ ਮੰਜ਼ਿਲਾ ਬੰਗਲੇ ’ਚੋਂ ਮਿਲੀ ਸੀ ਅਤੇ ਉਸ ਦੇ ਸਿਰ ’ਤੇ ਗੋਲੀ ਵੱਜਣ ਦਾ ਨਿਸ਼ਾਨ ਸੀ। ਸਲਿਲ ਕਪੂਰ ਦੀ ਲਾਸ਼ ਨੇੜਿਓਂ ਖ਼ੁਦਕੁਸ਼ੀ ਨੋਟ ਮਿਲਿਆ ਸੀ, ਜਿਸ ਵਿੱਚ ਉਸ ਨੇ ਚਾਰ ਵਿਅਕਤੀਆਂ ’ਤੇ ਕਥਿਤ ‘ਮਾਨਸਿਕ ਅਤੇ ਸਰੀਰਕ’ ਤੌਰ ’ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ। ਇੱਕ ਅਧਿਕਾਰੀ ਨੇ ਦੱਸਿਆ ਕਿ ਤੁਗਲਕ ਰੋਡ ਥਾਣੇ ’ਚ ਚਾਰ ਵਿਅਕਤੀਆਂ, ਜਿਨ੍ਹਾਂ ਦੇ ਨਾਮ ਖੁ਼ਦਕੁਸ਼ੀ ਨੋਟ ਵਿੱਚ ਸਨ, ਖਿਲਾਫ਼ ਬੀਐੱਨਐੱਸ ਦੀ ਧਾਰਾ 108 (ਖ਼ੁਦਕੁਸ਼ੀ ਲਈ ਉਕਸਾਉਣਾ) ਤਹਿਤ ਕੇਸ ਦਰਜ ਕੀਤਾ ਗਿਆ ਹੈ। ਕਪੂਰ ਦੀ ਪਤਨੀ ਤੇ ਤਿੰੰਨ ਬੱਚੇ ਉਸ ਨਾਲੋਂ ਵੱਖ ਦੁਬਈ ’ਚ ਰਹਿ ਰਹੇ ਹਨ। -ਪੀਟੀਆਈ