ਵਾਰਾਨਸੀ, 4 ਸਤੰਬਰ
ਗਿਆਨਵਾਪੀ ਕੰਪਲੈਕਸ ਦੇ ਬਾਕੀ ਬਚੇ ਹਿੱਸਿਆਂ ਦੇ ਏਐੱਸਆਈ ਸਰਵੇਖਣ ਦੀ ਮੰਗ ਵਾਲੀ ਪਟੀਸ਼ਨ ’ਤੇ ਅਗਲੀ ਸੁਣਵਾਈ 6 ਸਤੰਬਰ ਨੂੰ ਹੋਵੇਗੀ। ਮੁਸਲਿਮ ਧਿਰ ਦੇ ਨੁਮਾਇੰਦੇ ਅਦਾਲਤ ’ਚ ਹਾਜ਼ਰ ਸਨ ਅਤੇ ਉਨ੍ਹਾਂ ਵੱਲੋਂ ਅਗਲੀ ਸੁਣਵਾਈ ਦੌਰਾਨ ਮਾਮਲੇ ’ਤੇ ਆਪਣੇ ਵਿਚਾਰ ਰੱਖੇ ਜਾਣ ਦੀ ਸੰਭਾਵਨਾ ਹੈ। ਸਿਵਲ ਜੱਜ ਸੀਨੀਅਰ ਡਿਵੀਜ਼ਨ ਫਾਸਟ ਟਰੈਕ ਜੁਗਲ ਸ਼ੰਭੂ ਨੇ ਹਿੰਦੂ ਧਿਰ ਦਾ ਪੱਖ ਸੁਣਨ ਮਗਰੋਂ ਨਵੀਂ ਤਰੀਕ ਨਿਰਧਾਰਤ ਕਰ ਦਿੱਤੀ। ਹਿੰਦੂ ਧਿਰ ਦੇ ਵਕੀਲ ਮਦਨ ਮੋਹਨ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲਾਂ ਨੇ ਦਲੀਲ ਦਿੱਤੀ ਹੈ ਕਿ ਗਿਆਨਵਾਪੀ ਕੰਪਲੈਕਸ ’ਚ ਕਥਿਤ ਮਸਜਿਦ ਦੇ ਗੁੰਬਦ ਹੇਠਲੇ ਹਿੱਸੇ ’ਚ ਜਯੋਤਿਰਲਿੰਗ ਦਾ ਅਸਲ ਸਥਾਨ ਹੈ। ਉਨ੍ਹਾਂ ਕਿਹਾ ਕਿ ‘ਅਰਘ’ ਤੋਂ ਲਗਾਤਾਰ ਆਉਂਦਾ ਜਲ ਗਿਆਨਵਾਪੀ ਕੁੰਡ ’ਚ ਇਕੱਤਰ ਹੁੰਦਾ ਸੀ ਅਤੇ ਮੰਨਿਆ ਜਾਂਦਾ ਸੀ ਕਿ ਇਹ ਜਲ ਪੀਣ ਨਾਲ ਗਿਆਨ ’ਚ ਵਾਧਾ ਹੁੰਦਾ ਹੈ, ਜਿਸ ਕਰਕੇ ਇਸ ਤੀਰਥ ਸਥਾਨ ਨੂੰ ‘ਗਿਆਨੋਦਿਆ ਤੀਰਥ’ ਵੀ ਮੰਨਿਆ ਜਾਂਦਾ ਹੈ। ਹਿੰਦੂ ਧਿਰ ਦੇ ਵਕੀਲਾਂ ਨੇ ਮੰਗ ਕੀਤੀ ਕਿ ਇਸ ਪਾਣੀ ਦੀ ਇੰਜਨੀਅਰਿੰਗ, ਭੂ-ਵਿਗਿਆਨੀਆਂ ਅਤੇ ਪੁਰਾਤੱਤ ਵਿਗਿਆਨੀਆਂ ਤੋਂ ਖੋਜ ਕਰਵਾਈ ਜਾਵੇ। ਇਸ ਦੇ ਨਾਲ ਹੀ ਗਿਆਨੋਦਿਆ ਤੀਰਥ ਤੋਂ ਮਿਲਿਆ ‘ਸ਼ਿਵਲਿੰਗ’, ਜਿਸ ਨੂੰ ਮੁਸਲਮਾਨ ਧਿਰ ‘ਵਜ਼ੂਖਾਨਾ’ ਆਖ ਰਹੀ ਹੈ, ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ‘ਸ਼ਿਵਲਿੰਗ’ ਹੈ ਜਾਂ ਸਿਰਫ਼ ਇਕ ਝਰਨਾ ਹੈ। -ਪੀਟੀਆਈ