ਜੂਲੀਓ ਰਿਬੇਰੋ
ਮਹਾਨ ਮਰਾਠਾ ਸੂਰਬੀਰ ਛਤਰਪਤੀ ਸ਼ਿਵਾਜੀ ਮਹਾਰਾਜ, ਜੋ ਮੁਗ਼ਲਾਂ ਵਿਰੁੱਧ ਆਪਣੇ ਜੰਗੀ ਗੁਰੀਲਾ ਹੁਨਰਾਂ ਨੂੰ ਸਫ਼ਲਤਾ ਨਾਲ ਵਰਤਣ ਲਈ ਜਾਣੇ ਜਾਂਦੇ ਹਨ, ਦੀ 35 ਫੁੱਟ ਉੱਚੀ ਮੂਰਤੀ ਮਹਾਰਾਸ਼ਟਰ ਦੇ ਕੋਂਕਣ ਖੇਤਰ ਦੇ ਤੱਟੀ ਕਸਬੇ ਮਾਲਵਨ ’ਚ ਤੂਫ਼ਾਨੀ ਹਵਾਵਾਂ ਦੀ ਮਾਰ ਨਾਲ ਢਹਿ-ਢੇਰੀ ਹੋ ਗਈ।
ਇਹ ਮੂਰਤੀ ਇਸ ਸਾਲ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਹਲੀ ’ਚ ਸਥਾਪਿਤ ਕੀਤੀ ਗਈ ਸੀ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਉਦਘਾਟਨ ਕਰ ਸਕਣ। ਮੋਦੀ, ਜੋ ਕਿ ਚੋਣਾਂ ਤੋਂ ਪਹਿਲਾਂ ਹੁੰਦੇ ਅਜਿਹੇ ਕਾਰਜਾਂ ਨੂੰ ਸਿਰੇ ਚਾੜ੍ਹਨ ਲਈ ਹਮੇਸ਼ਾ ਤਿਆਰ ਹੀ ਰਹਿੰਦੇ ਹਨ, ਨੇ ਵੀ ਆ ਕੇ ਮੂਰਤੀ ਦਾ ਉਦਘਾਟਨ ਕਰ ਦਿੱਤਾ। ਅਜੇ ਛੇ ਮਹੀਨੇ ਹੀ ਬੀਤੇ ਹਨ ਕਿ ਉਨ੍ਹਾਂ ਨੂੰ ਇਸ ਹਾਦਸੇ ਲਈ ਮੁਆਫ਼ੀ ਮੰਗਣੀ ਪਈ ਹੈ, ਹਾਲਾਂਕਿ ਉਨ੍ਹਾਂ ਨੂੰ ਖ਼ੁਦ ਕੁਦਰਤ ਦੀ ਇਸ ਮਨਮਾਨੀ ਲਈ ਜ਼ਿਆਦਾ ਜ਼ਿੰਮੇਵਾਰ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਦੇ ਚਮਚੇ ਅਸਲੀ ਦੋਸ਼ੀ ਹਨ।
ਮੂਰਤੀ ਬਣਾਉਣ ’ਤੇ ਕਰੀਬ 83 ਕਰੋੜ ਰੁਪਏ ਖਰਚੇ ਗਏ ਸਨ, ਜਿਸ ਦਾ ਜ਼ਿੰਮਾ ਜਲ ਸੈਨਾ ਨੂੰ ਸੌਂਪਿਆ ਗਿਆ ਸੀ। ਜਲ ਸੈਨਾ ਨੂੰ ਇਹ ਜ਼ਿੰਮੇਵਾਰੀ ਅਤੀਤ ਦੇ ਉਨ੍ਹਾਂ ਸ਼ਾਨਦਾਰ ਦਿਨਾਂ ’ਚ ਮਰਾਠਾ ਸੈਨਿਕਾਂ ਦੀ ਅਗਵਾਈ ਕਰਨ ਵਾਲੇ ਜਲ ਸੈਨਾਪਤੀ ਕਾਨਹੋਜੀ ਆਂਗਰੇ ਦੀ ਯਾਦ ਦੇ ਸਨਮਾਨ ਵਿੱਚ ਦਿੱਤੀ ਗਈ ਸੀ। ਜਿਹੜੀ ਅਸਲੀ ਯੋਜਨਾ ਸਾਹਮਣੇ ਆਈ ਹੈ, ਉਸ ਮੁਤਾਬਿਕ ਛੇ ਫੁੱਟ ਦਾ ਬੁੱਤ ਬਣਾਇਆ ਜਾਣਾ ਸੀ ਤੇ ਇਸ ਦਾ ਡਿਜ਼ਾਈਨ ‘ਡਾਇਰੈਕਟੋਰੇਟ ਆਫ ਆਰਟ’ ਨੇ ਤੈਅ ਪ੍ਰਕਿਰਿਆ ਮੁਤਾਬਿਕ ਮਨਜ਼ੂਰ ਕੀਤਾ ਸੀ। ਕੋਈ ਸੋਚੇਗਾ ਕਿ ਇਸ ਦੀ ਉਚਾਈ ਕਿਸ ਨੇ ਵਧਾਈ ਤੇ ਕਿਉਂ। ਜਿਹੜੇ ਇਸ ਮੂਰਤੀ ਲਈ ਪਹਿਲਾਂ ਸਿਹਰਾ ਲੈਂਦੇ ਰਹੇ ਹੋਣਗੇ, ਉਹੀ ਹੁਣ ਜਾਇਜ਼ ਸੁਰੱਖਿਆ ਫ਼ਿਕਰਾਂ ਲਈ ਚਿਹਰਾ ਛੁਪਾਉਂਦੇ ਫਿਰ ਰਹੇ ਹੋਣਗੇ।
ਅਯੋਗਤਾ ਤੇ ਘੋਰ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਘੁੰਮ ਰਹੀਆਂ ਹਨ, ਜੋ ਸਾਰੀਆਂ ਮਹਾਯੁਤੀ ਨੇਤਾਵਾਂ ਏਕਨਾਥ ਸ਼ਿੰਦੇ (ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਧੜੇ ਦੇ ਆਗੂ) ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ (ਦੋ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ) ਦੇ ਦਰਾਂ ਵੱਲ ਨੂੰ ਜਾ ਰਹੀਆਂ ਹਨ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨੇਤਾ ਅਜੀਤ ਪਵਾਰ, ਜਿਨ੍ਹਾਂ ਆਪਣੇ ਚਾਚਾ ਸ਼ਰਦ ਪਵਾਰ ਨੂੰ ਨਿੱਜੀ ਰਾਜਨੀਤਕ ਉਭਾਰ ਲਈ ਤਿਆਗਿਆ ਸੀ, ਸਰਕਾਰ ’ਚ ਦੂਜੇ ਉਪ ਮੁੱਖ ਮੰਤਰੀ ਹਨ, ਪਰ ਉਨ੍ਹਾਂ ਆਪਣੇ ਸਾਥੀਆਂ ਤੋਂ ਦੂਰੀ ਬਣਾ ਲਈ ਹੈ ਕਿਉਂਕਿ ਉਨ੍ਹਾਂ ਮੂਰਤੀ ਡਿੱਗਣ ਵਿਰੁੱਧ ਉੱਠ ਰਹੀ ਮਰਾਠਾ ਨਾਰਾਜ਼ਗੀ ਨੂੰ ਮਹਿਸੂਸ ਕਰ ਲਿਆ ਹੈ।
ਭਾਜਪਾ ਨੂੰ ਅਹਿਸਾਸ ਹੋ ਗਿਆ ਹੈ ਕਿ ਅਜੀਤ ਤਿੰਨ ਪਾਰਟੀਆਂ ਦੇ ਗੱਠਜੋੜ ’ਤੇ ਬੋਝ ਬਣ ਰਹੇ ਹਨ। ਮਰਾਠਾ ਸਮਾਜ ਹਾਲੇ ਵੀ ਅਜੀਤ ਦੇ ਚਾਚਾ ਸ਼ਰਦ ਪ੍ਰਤੀ ਵੱਧ ਵਫ਼ਾਦਾਰ ਹੈ, ਜੋ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਬਿਤ ਹੋ ਚੁੱਕਾ ਹੈ। ਰਾਜ ਵਿੱਚ ਭਾਜਪਾ ਦੇ ਵਫ਼ਾਦਾਰ ਦੂਤ, ਫੜਨਵੀਸ ਨੇ ਇਹ ਸਮਝਣ ਵਿੱਚ ਗ਼ਲਤੀ ਕੀਤੀ ਕਿ ਉਤਸ਼ਾਹੀ ਅਜੀਤ ਐੱਨਸੀਪੀ ਦੇ ਵੱਡੇ ਵੋਟ ਬੈਂਕ ਨੂੰ ਆਪਣੇ ਨਾਲ ਲਿਆਉਣ ਵਿੱਚ ਸਫ਼ਲ ਰਹਿਣਗੇ, ਪਰ ਇਸ ਤਰ੍ਹਾਂ ਨਹੀਂ ਹੋਇਆ। ਢਲਦੀ ਉਮਰ ਤੇ ਨਾਸਾਜ਼ ਸਿਹਤ ਦੇ ਬਾਵਜੂਦ ਸ਼ਰਦ ਨਿਰੰਤਰ ਮਰਾਠਾ ਭਾਈਚਾਰੇ ਦੇ ਰਸੂਖਵਾਨ ਆਗੂ ਬਣੇ ਹੋਏ ਹਨ।
ਮਹਾਯੁਤੀ ਵਿੱਚ ਆਪਣੇ ਦੋਸਤਾਂ ਵਿਰੁੱਧ ਅਜੀਤ ਦੀ ਮੁਹਿੰਮ ਤੋਂ, ਉਸ ਨੂੰ ਆਪਣੇ ਸਿਆਸੀ ਕਰੀਅਰ ਵਿੱਚ ਕੋਈ ਫ਼ਾਇਦਾ ਨਹੀਂ ਹੋਵੇਗਾ ਤੇ ਨਾ ਉਹ ਅੱਗੇ ਵਧ ਸਕੇਗਾ। ਵਰਤਮਾਨ ’ਚ, ਇਸ ਮੁਹਿੰਮ ਨਾਲ ਸੱਤਾਧਾਰੀ ਗੱਠਜੋੜ ਨੂੰ ਸਿਰਫ਼ ਸੱਟ ਹੀ ਵੱਜੀ ਹੈ ਤੇ ਸੱਤਾ ਉੱਤੇ ਪਕੜ ਬਣਾਈ ਰੱਖਣ ਦੇ ਮੌਕੇ ਕਮਜ਼ੋਰ ਪਏ ਹਨ। ਠਾਣੇ ਜ਼ਿਲ੍ਹੇ ਵਿੱਚ ਬਦਲਾਪੁਰ ਦੇ ਸਕੂਲ ’ਚ ਦੋ ਚਾਰ ਸਾਲਾ ਲੜਕੀਆਂ ਨਾਲ ਹੋਏ ਜਿਨਸੀ ਸ਼ੋਸ਼ਣ ਦੇ ਮਾਮਲੇ ਨੇ ਪਹਿਲਾਂ ਹੀ ਮਹਾਯੁਤੀ ਦੇ ਸਮੀਕਰਨ ਵਿਗਾੜੇ ਹੋਏ ਹਨ ਤੇ ਹੁਣ ਕੁਦਰਤ ਵੀ ਵਿਰੋਧੀ ਧਿਰ ਐਮਵੀਏ (ਮਹਾ ਵਿਕਾਸ ਅਗਾੜੀ) ਨਾਲ ਰਲ ਗਈ ਹੈ, ਜਿਸ ਦੀ ਅਗਵਾਈ ਕਾਂਗਰਸ ਤੇ ਮੁੜ ਉੱਭਰ ਰਹੀ ਸ਼ਿਵ ਸੈਨਾ-ਯੂਬੀਟੀ (ਊਧਵ ਬਾਲਾਸਾਹਿਬ ਠਾਕਰੇ) ਅਤੇ ਮੌਜੂਦਾ ਸਮੇਂ ਦਬਦਬਾ ਰੱਖਦੀ ਐੱਨਸੀਪੀ (ਸ਼ਰਦ ਪਵਾਰ ਧੜਾ) ਕਰ
ਰਹੀ ਹੈ।
ਹੁਣ ਤੱਕ ਦੇਖਿਆ ਜਾਵੇ ਤਾਂ ਪਾਸਾ ਸੱਤਾ ’ਚ ਬੈਠੀਆਂ ਪਾਰਟੀਆਂ ਦੇ ਖ਼ਿਲਾਫ਼ ਹੀ ਭਾਰੀ ਪੈ ਰਿਹਾ ਹੈ। ਭਾਜਪਾ ਨੇ ਰਾਜ ਦੇ ਸ਼ਹਿਰੀ ਖੇਤਰਾਂ ’ਚ ਥਾਂ ਬਣਾ ਲਈ ਹੈ। ਇਹ ਤਾਂ ਆਪਣੇ ਵੋਟਰਾਂ ਨੂੰ ਸੰਭਾਲੀ ਰੱਖੇਗੀ, ਪਰ ਉਹ ਦੋ ਪਾਰਟੀਆਂ ਜਿਨ੍ਹਾਂ ਦੀ ਮਜ਼ਬੂਤੀ ’ਤੇ ਇਹ ਨਿਰਭਰ ਹੈ, ਉਸ ਹੱਦ ਤੱਕ ਯੋਗਦਾਨ ਨਹੀਂ ਦੇ ਸਕਣਗੀਆਂ, ਜਿੰਨੀ ਆਸ ਇਨ੍ਹਾਂ ਤੋਂ ਫੜਨਵੀਸ ਲਾ ਕੇ ਬੈਠੇ ਸਨ। ਬਲਕਿ ਅਸਲੀਅਤ ਤਾਂ ਇਹ ਹੈ ਕਿ ਅਜੀਤ ਧੜੇ ਵਾਲੀ ਐੱਨਸੀਪੀ ਦੇ ਹੌਲੀ-ਹੌਲੀ ਗੁਮਨਾਮੀ ਵੱਲ ਜਾਣ ਦੀ ਸੰਭਾਵਨਾ ਬਣ ਰਹੀ ਹੈ। ਜਦ ਵਰਕਰਾਂ ਨੂੰ ਇਹ ਪਤਾ ਲੱਗੇਗਾ ਕਿ ਉਨ੍ਹਾਂ ਦੇ ਆਗੂ ਹੁਣ ਉਮੀਦਾਂ ’ਤੇ ਖ਼ਰੇ ਉਤਰਨ ਜੋਗੇ ਨਹੀਂ ਰਹੇ ਤਾਂ ਉਹ ਉਨ੍ਹਾਂ ਵੱਲ ਜਾਣਾ ਸ਼ੁਰੂ ਕਰ ਦੇਣਗੇ ਜੋ ਉਸ ਵੇਲੇ ਕਿਰਪਾ ਬਰਸਾਉਣ ਦੀ ਸਥਿਤੀ ’ਚ ਹੋਣਗੇ।
ਮੂਰਤੀ ਮਾਮਲੇ ਵੱਲ ਮੁੜਦੇ ਹਾਂ, ਘੱਟ ਗਿਆਨ ਰੱਖਣ ਵਾਲੇ ਲੋਕਾਂ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਪਤਾ ਹੈ ਕਿ ਇਹੋ ਜਿਹੀ ਉਸਾਰੀ ਲਈ ਉੱਚ ਪਾਏ ਦੇ ਮਾਹਿਰਾਂ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੰਮਾਂ ਦੀ ਦੇਖ-ਰੇਖ ਲਈ ਅੱਛੇ ਖਾਸੇ ਇਮਾਨਦਾਰ ਆਲ੍ਹਾ ਦਰਜਾ ਅਫਸਰਾਂ ਦੀ ਨਿਗਰਾਨੀ ਦਰਕਾਰ ਹੁੰਦੀ ਹੈ। ਚੰਗੇ ਭਾਗੀਂ ਆਈਏਐੱਸ ਵਿੱਚ ਤਾਂ ਇਸ ਸ਼ਰਤ ’ਤੇ ਪੂਰੇ ਉਤਰਨ ਵਾਲੇ ਕਈ ਅਫਸਰ ਅਜੇ ਵੀ ਮਿਲ ਜਾਂਦੇ ਹਨ।
ਤੇਜ਼ੀ ਨਾਲ ਕੰਮ ਪੂਰਾ ਕਰਨ ਦੇ ਦਬਾਅ ਤੋਂ ਗੁਰੇਜ਼ ਕੀਤਾ ਜਾਣਾ ਚਾਹੀਦਾ ਹੈ ਜੋ ਕਿ ਅਕਸਰ ਉਦੋਂ ਜ਼ਿਆਦਾ ਹੁੰਦਾ ਹੈ ਜਦੋਂ ਚੋਣਾਂ ਹੋਣ ਵਾਲੀਆਂ ਹੁੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਾਹਲੀ ਵਿੱਚ ਹੀ ਨਵੇਂ ਸੰਸਦ ਭਵਨ ਦਾ ਉਦਘਾਟਨ ਕਰ ਦਿੱਤਾ ਸੀ ਅਤੇ ਛੇਤੀ ਹੀ ਮੀਂਹ ਦੇ ਪਾਣੀ ਨਾਲ ਇਸ ਦੀ ਛੱਤ ਚੋਣ ਲੱਗ ਪਈ। ਜਿਵੇਂ ਹੁਣ ਸ਼ਿਵਾਜੀ ਦੀ ਮੂਰਤੀ ਡਿੱਗਣ ਮਗਰੋਂ ਮੋਦੀ ਨੇ ਮੁਆਫ਼ੀ ਮੰਗੀ ਹੈ, ਸੰਸਦ ਭਵਨ ਦੀ ਉਸਾਰੀ ਵਿੱਚ ਖ਼ਾਮੀਆਂ ਬਦਲੇ ਉਨ੍ਹਾਂ ਕੋਈ ਮੁਆਫ਼ੀ ਨਹੀਂ ਮੰਗੀ। ਉਨ੍ਹਾਂ ਦੇ ਬਿਆਨ ਮੁਤਾਬਿਕ ਮਰਾਠਾ ਵੀਰ ਇੱਕ ‘ਭਗਵਾਨ’ ਸੀ। ਮੰਨਿਆ ਕਿ ਭਵਨ ਦੀ ਪੂਜਾ ਨਹੀਂ ਕੀਤੀ ਜਾ ਸਕਦੀ ਪਰ ਸੰਸਦ ਭਵਨ ਇੱਕ ਪਵਿੱਤਰ ਜਗ੍ਹਾ ਹੈ ਜਿਵੇਂ ਕਿ ਕਵੀ ਬਾਇਰਨ ਨੇ ਸਵਿਟਜ਼ਰਲੈਂਡ ਦੇ ‘ਕੈਸਲ ਆਫ ਚਿਲੋਨ’ ਵਿੱਚ ਦੱਬੇ-ਕੁਚਲੇ ਲੋਕਾਂ ਦੀ ਆਜ਼ਾਦੀ ਅਤੇ ਮਾਨਵੀਪੁਣੇ ਦੇ ਜਜ਼ਬੇ ਦੀ ਤਸ਼ਬੀਹ ਦਿੱਤੀ ਹੈ। ਮੇਰੇ ਸ਼ਹਿਰ ਮੁੰਬਈ ਵਿੱਚ ਇੱਕ ਵਿਸ਼ਾਲ ਪ੍ਰਾਜੈਕਟ ਚੱਲ ਰਿਹਾ ਹੈ। ਇਹ ਕੋਸਟਲ ਰੋਡ ਪ੍ਰਾਜੈਕਟ ਹੈ ਜਿਸ ਤਹਿਤ ਸਮੁੰਦਰ ਦੇ ਕੰਢੇ ਤੋਂ ਏਕੜਾਂ ਦੀ ਏਕੜ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ ਤਾਂ ਕਿ ਕਾਰਾਂ ਦੀ ਗਿਣਤੀ ਵਿੱਚ ਹੋ ਰਹੇ ਅਥਾਹ ਵਾਧੇ ਕਰਕੇ ਲੱਗਣ ਵਾਲੇ ਲੰਮੇ ਟਰੈਫਿਕ ਜਾਮ ਘਟਾਏ ਜਾ ਸਕਣ। ਨਿਸ਼ਾਨੇ ਮਿੱਥੇ ਜਾਣ ਕਰਕੇ ਦਿਨ ਰਾਤ ਲਗਾਤਾਰ ਕੰਮ ਚੱਲ ਰਿਹਾ ਹੈ ਅਤੇ ਪ੍ਰਮੁੱਖ ਆਗੂ ਪ੍ਰਾਜੈਕਟ ਦੇ ਛੋਟੇ ਮੋਟੇ ਹਿੱਸਿਆਂ ਦਾ ਉਦਘਾਟਨ ਕਰਨ ਲਈ ਕਾਹਲੇ ਪੈ ਰਹੇ ਹਨ। ਸੂਝਵਾਨ ਨਾਗਰਿਕਾਂ ਨੂੰ ਡਰ ਇਹ ਹੈ ਕਿ ਕਿਤੇ ਕਾਹਲੀ ਨਾਲ ਕੰਮ ਵਿਗੜ ਨਾ ਜਾਵੇ ਪਰ ਅਧਿਕਾਰੀਆਂ ਨੂੰ ਇਸ ਦੀ ਬਹੁਤੀ ਪਰਵਾਹ ਨਹੀਂ ਜਾਪਦੀ। ਮੈਨੂੰ ਯਾਦ ਹੈ ਕਿ ਮੈਂ ਹਾਂਗ ਕਾਂਗ ਵਿੱਚ ਕਾਓਲੂਨ ਤੋਂ ਮੇਨਲੈਂਡ ਤੱਕ ਸਮੁੰਦਰੀ ਸੁਰੰਗ ਰਾਹੀਂ ਕਾਰ ਦਾ ਸਫ਼ਰ ਕੀਤਾ ਸੀ। ਇਹ ਸੁਰੰਗ ਇੰਜਨੀਅਰਿੰਗ ਦਾ ਅਜੂਬਾ ਹੈ। ਮੁੰਬਈ ਕੋਸਟਲ ਰੋਡ ਦੇ ਇੱਕ ਹਿੱਸੇ ਵਿੱਚ ਇਸੇ ਤਰਜ਼ ’ਤੇ ਸੁਰੰਗ ਬਣਾਈ ਗਈ ਹੈ। ਬਣਨ ਤੋਂ ਕੁਝ ਦੇਰ ਬਾਅਦ ਹੀ ਇਸ ਵਿੱਚ ਕਈ ਥਾਈਂ ਲੀਕੇਜ ਹੋਣ ਲੱਗ ਪਈ। ਜਦੋਂ ਮੀਡੀਆ ਵਿੱਚ ਇਸ ਦੀ ਖ਼ਬਰ ਆਈ ਤਾਂ ਬਹੁਤ ਸਾਰੇ ਸੀਨੀਅਰ ਸਿਟੀਜ਼ਨਾਂ ਨੇ ਇਸ ਸੁਰੰਗ ’ਚੋਂ ਕਾਰ ਸਫ਼ਰ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਮੈਨੂੰ ਦੱਸਿਆ ਗਿਆ ਹੈ ਕਿ ਲੀਕੇਜ ਬੰਦ ਕਰ ਦਿੱਤੀ ਗਈ ਹੈ। ਇਹ ਧਰਵਾਸ ਦੀ ਗੱਲ ਹੈ ਪਰ ਅਸੀਂ ਉਦਘਾਟਨੀ ਪੱਥਰਾਂ ’ਤੇ ਆਗੂਆਂ ਦੇ ਨਾਂ ਚਮਕਾਉਣ ਦੀ ਖ਼ਾਤਿਰ ਕਾਹਲੀ ਨਾਲ ਕੀਤੇ ਗਏ ਹਲਕੇ ਮਿਆਰ ਦੇ ਕੰਮਾਂ ਪ੍ਰਤੀ ਐਨੇ ਉਦਾਰ ਕਿਉਂ ਹਾਂ?
ਬਿਹਾਰ ਵਿੱਚ ਅਜੇ ਪੂਰਾ ਭਰਵਾਂ ਮੀਂਹ ਨਹੀਂ ਪਿਆ ਪਰ ਪਹਿਲੀ ਬਰਸਾਤ ਵਿੱਚ ਦਰਜਨ ਦੇ ਕਰੀਬ ਨਵੇਂ ਬਣਾਏ ਪੁਲ ਡਿੱਗ ਪਏ। ਗੁਜਰਾਤ ਦੇ ਰਾਜਕੋਟ ਵਿੱਚ ਇੱਕ ਪੁਲ ਢਹਿਣ ਕਰ ਕੇ ਇੱਕ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ।
ਕੀ ਸਾਡੇ ਇੰਜਨੀਅਰ ਅਤੇ ਠੇਕੇਦਾਰ ਨਾਅਹਿਲ ਹਨ ਜਾਂ ਫਿਰ ਜਿਵੇਂ ਕਿ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਉਨ੍ਹਾਂ ਇਸ ’ਚੋਂ ਆਪਣੇ ਹੱਥ ਰੰਗ ਲਏ ਹਨ? ਹਾਲੇ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਅਤੇ ਨਾ ਹੀ ਕਿਸੇ ਨੂੰ ਸਜ਼ਾ ਦਿੱਤੀ ਗਈ ਹੈ। ਇਸ ਲਈ ਆਪਣੇ ਆਪ ਨੂੰ ਸਾਫ਼ ਸੁਥਰਾ ਬਣਾ ਕੇ ਰੱਖਣ ਅਤੇ ਆਪਣੇ ਪ੍ਰਸ਼ਾਸਕਾਂ ਨੂੰ ਬੇਦਾਗ ਰੱਖਣ ਦਾ ਮੋਦੀ ਦਾ ਵਾਅਦਾ ਮਹਿਜ਼ ਡਬਲ ਇੰਜਣ ਸਰਕਾਰ ਨੂੰ ਸੱਤਾ ਵਿੱਚ ਬਰਕਰਾਰ ਰੱਖਣ ਲਈ ਵੋਟਾਂ ਬਟੋਰਨ ਦਾ ਹਰਬਾ ਹੀ ਜਾਪਦਾ ਹੈ, ਜਿਵੇਂ ਕਿ ਉਨ੍ਹਾਂ ਨੇ ਔਰਤਾਂ ਨਾਲ ਛੇੜਛਾੜ ਕਰਨ ਵਾਲਿਆਂ ਪ੍ਰਤੀ ਕੋਈ ਨਰਮੀ ਨਾ ਵਰਤਣ ਦਾ ਵਾਅਦਾ ਕੀਤਾ ਸੀ।