ਨਵੀਂ ਦਿੱਲੀ (ਟਨਸ):
ਖ਼ਬਰ ਏਜੰਸੀ ‘ਏਸ਼ੀਅਨ ਨਿਊਜ਼ ਇੰਟਰਨੈਸ਼ਨਲ’ (ਏਐੱਨਆਈ) ਦੇ ਐਂਟਰੀ ਪੇਜ ਨਾਲ ਛੇੜਛਾੜ ਦੇ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ‘ਵਿਕੀਪੀਡੀਆ’ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਇਸ (ਵਿਕੀਪੀਡੀਆ) ’ਤੇ ਪਾਬੰਦੀ ਲਾਉਣ ਲਈ ਕਹਿ ਸਕਦੇ ਹਨ। ਅਦਾਲਤ ਨੇ ਇਹ ਚਿਤਾਵਨੀ ਏਐੱਨਆਈ ਨੂੰ ‘ਭਾਜਪਾ ਸਰਕਾਰ ਦਾ ਪ੍ਰਚਾਰਕ’ ਦੱਸੇ ਜਾਣ ਦੇ ਮਾਮਲੇ ’ਚ ਦਿੱਤੀ ਹੈ। ਏਐੱਨਆਈ ਦੇ ਐਂਟਰੀ ਪੇਜ ਨਾਲ ਛੇੜਛਾੜ ਕਰਨ ਵਾਲੇ ਤਿੰਨ ਖਾਤਿਆਂ ਦੀ ਜਾਣਕਾਰੀ ਸਾਂਝੀ ਕਰਨ ਦੇ ਹੁਕਮ ਦਿੰਦਿਆਂ ਜਸਟਿਸ ਨਵੀਨ ਚਾਵਲਾ ਦੇ ਬੈਂਚ ਨੇ ‘ਵਿਕੀਪੀਡੀਆ’ ਨੂੰ ਕਿਹਾ, ‘ਜੇ ਤੁਹਾਨੂੰ ਭਾਰਤ ਪਸੰਦ ਨਹੀਂ ਤਾਂ ਕਿਰਪਾ ਕਰਕੇ ਭਾਰਤ ’ਚ ਕੰਮ ਕਰਨਾ ਬੰਦ ਕਰ ਦਿਓ। ਅਸੀਂ ਸਰਕਾਰ ਨੂੰ ਕਹਿ ਦੇਵਾਂਗੇ ਕਿ ਤੁਹਾਡੀ ਸਾਈਟ ਬਲਾਕ ਕਰ ਦਿੱਤੀ ਜਾਵੇ।’ ਜਸਟਿਸ ਚਾਵਲਾ ਨੇ ਭਾਰਤੀ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਵਿਕੀਪੀਡੀਆ ਨੂੰ ਚਿਤਾਵਨੀ ਦਿੰਦਿਆਂ ਮਾਮਲੇ ਦੀ ਅਗਲੀ ਸੁਣਵਾਈ 25 ਅਕਤੂਬਰ ਨੂੰ ਤੈਅ ਕਰ ਦਿੱਤੀ ਹੈ।