ਪੀਯੂ ਵਿਦਿਆਰਥੀ ਚੋਣਾਂ
ਕੁਲਦੀਪ ਸਿੰਘ
ਚੰਡੀਗੜ੍ਹ, 5 ਸਤੰਬਰ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀ ਅੱਜ ਹੋਈ ਚੋਣ ਵਿੱਚ ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਤੋਂ ਕੁਝ ਦਿਨ ਪਹਿਲਾਂ ਬਾਗ਼ੀ ਹੋਏ ਸਿਕੰਦਰ ਬੂਰਾ ਦਾ ਧੜਾ ਪ੍ਰਧਾਨਗੀ ਦੇ ਅਹੁਦੇ ’ਤੇ ਕਾਬਜ਼ ਹੋ ਗਿਆ ਹੈ। ਇਸ ਧੜੇ ਦਾ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ 3433 ਵੋਟਾਂ ਹਾਸਲ ਕਰਕੇ ਪ੍ਰਧਾਨ ਚੁਣਿਆ ਗਿਆ ਹੈ। ਹੋਰਨਾਂ ਅਹੁਦਿਆਂ ਵਿੱਚ ਐੱਨਐੱਸਯੂਆਈ ਦੇ ਅਰਚਿਤ ਗਰਗ (3631) ਨੇ ਮੀਤ ਪ੍ਰਧਾਨ, ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਦੇ ਜਸਵਿੰਦਰ ਰਾਣਾ (3489) ਨੇ ਜੁਆਇੰਟ ਸਕੱਤਰ, ਇਨਸੋ ਦੇ ਵਿਨੀਤ ਯਾਦਵ (3298) ਨੇ ਸਕੱਤਰ ਦੀ ਸੀਟ ’ਤੇ ਜਿੱਤ ਪ੍ਰਾਪਤ ਕੀਤੀ। ਵਿਦਿਆਰਥੀ ਕੌਂਸਲ ਚੋਣਾਂ ਵਿੱਚ ਜਿੱਤੇ ਇਨ੍ਹਾਂ ਅਹੁਦੇਦਾਰਾਂ ਵਿੱਚੋਂ ਇੱਕ ਵੀ ਉਮੀਦਵਾਰ ਪੰਜਾਬ ਦਾ ਨਹੀਂ ਹੈ।
ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਦੇ ਪੀਯੂ ਵਿਦਿਆਰਥੀ ਕੌਂਸਲ ਦੀ ਪ੍ਰਧਾਨਗੀ ਦੀ ਚੋਣ ਜਿੱਤਦਿਆਂ ਹੀ ਸਟੂਡੈਂਟਸ ਸੈਂਟਰ ਉੱਤੇ ਜਸ਼ਨ ਮਨਾਏ ਗਏ। ਐੱਨਐੱਸਯੂਆਈ ਤੋਂ ਬਗਾਵਤ ਕਰਕੇ ਉਮੀਦਵਾਰ ਖੜ੍ਹਾ ਕਰਨ ਵਾਲੇ ਸਿਕੰਦਰ ਬੂਰਾ ਨੇ ਇਸ ਜਿੱਤ ਨੂੰ ਵਿਦਿਆਰਥੀਆਂ ਦੀ ਜਿੱਤ ਕਰਾਰ ਦਿੱਤਾ। ਸਿਕੰਦਰ ਬੂਰਾ ਨੇ ਐੱਨਐੱਸਯੂਆਈ ਦੀ ਆਲੋਚਨਾ ਕੀਤੀ।
ਏਬੀਵੀਪੀ ਦਾ ਪਹਿਲੀ ਵਾਰੀ ਖੁੱਲ੍ਹਿਆ ਖਾਤਾ
ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਇਸ ਵਾਰ ਭਾਜਪਾ ਦੇ ਵਿਦਿਆਰਥੀ ਵਿੰਗ ਏਬੀਵੀਪੀ ਦਾ ਇੱਕ ਉਮੀਦਵਾਰ ਜਿੱਤਣ ਨਾਲ ਖਾਤਾ ਖੁੱਲ੍ਹ ਗਿਆ ਹੈ ਜਦਕਿ ਇਸ ਤੋਂ ਪਹਿਲਾਂ ਹਰ ਵਾਰ ਜਥੇਬੰਦੀ ਨੂੰ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਹਾਰ ਦਾ ਮੂੰਹ ਦੇਖਣਾ ਪੈਂਦਾ ਸੀ। ਭਾਵੇਂਕਿ ਪ੍ਰਧਾਨਗੀ ਸਮੇਤ ਤਿੰਨ ਸੀਟਾਂ ਉਤੇ ਏਬੀਵੀਪੀ ਦੀ ਹਾਰ ਹੋਈ ਹੈ ਪਰ ਇੱਕ ਸੀਟ ਜਿੱਤਣ ਦੀ ਕਾਫ਼ੀ ਖੁਸ਼ੀ ਮਨਾਈ ਜਾ ਰਹੀ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਪੈਰ ਪਸਾਰਨ ਦੇ ਯਤਨ ਕਰਨ ਵਾਲੀ ਭਾਜਪਾ ਦੇ ਵਿਦਿਆਰਥੀ ਵਿੰਗ ਨੇ ਚਾਰ ਉਮੀਦਵਾਰ ਤਾਂ ਖੜ੍ਹੇ ਕੀਤੇ ਪਰ ਇੱਕ ਵੀ ਪੰਜਾਬ ਦਾ ਵਿਦਿਆਰਥੀ ਨਹੀਂ ਸੀ।
ਜੇਤੂਆਂ ਵਿੱਚ ਕੋਈ ਵੀ ਉਮੀਦਵਾਰ ਪੰਜਾਬ ਦਾ ਨਹੀਂ
ਵਿਦਿਆਰਥੀ ਚੋਣਾਂ ਜਿੱਤਣ ਵਾਲਿਆਂ ਵਿੱਚੋਂ ਇੱਕ ਉਮੀਦਵਾਰ ਵੀ ਪੰਜਾਬ ਤੋਂ ਨਹੀਂ ਹੈ। ਇਨ੍ਹਾਂ ਜਥੇਬੰਦੀਆਂ ਵੱਲੋਂ ਪੰਜਾਬ ਦਾ ਉਮੀਦਵਾਰ ਖੜ੍ਹਾ ਹੀ ਨਹੀਂ ਕੀਤਾ ਗਿਆ। ਇੱਥੋਂ ਤੱਕ ਕਿ ‘ਆਪ’ ਦੇ ਵਿਦਿਆਰਥੀ ਵਿੰਗ ਸੀਵਾਈਐੱਸਐੱਸ ਨੇ ਪ੍ਰਧਾਨਗੀ ਲਈ ਹਿਮਾਚਲ ਪ੍ਰਦੇਸ਼ ਦੇ ਉਮੀਦਵਾਰ ਨੂੰ ਤਰਜ਼ੀਹ ਦਿੱਤੀ।
ਐੱਨਐੱਸਯੂਆਈ ਨੂੰ ਲੈ ਬੈਠੀ ਅੰਦਰੂਨੀ ਫੁੱਟ
ਕਾਂਗਰਸ ਪਾਰਟੀ ਦੇ ਵਿਦਿਆਰਥੀ ਵਿੰਗ ਐੱਨਐੱਸਯੂਆਈ ਦਾ ਉਮੀਦਵਾਰ ਪਿਛਲੇ ਸਾਲ ਭਾਵੇਂ ਚੋਣ ਜਿੱਤ ਕੇ ਪ੍ਰਧਾਨ ਬਣ ਗਿਆ ਸੀ ਪਰ ਇਸ ਵਾਰ ਕੈਂਪਸ ਚੇਅਰਮੈਨ ਸਿਕੰਦਰ ਬੂਰਾ ਦੀ ਮਰਜ਼ੀ ਦਾ ਉਮੀਦਵਾਰ ਖੜ੍ਹਾ ਨਾ ਕਰਕੇ ‘ਬੂਰਾ’ ਆਪਣੇ ਸਾਥੀਆਂ ਸਮੇਤ ਪਾਰਟੀ ਨੂੰ ਪ੍ਰਦੇਸ਼ ਪ੍ਰਧਾਨ ਐੱਚਐੱਸ ਲੱਕੀ ਦੀ ਹਾਜ਼ਰੀ ਵਿੱਚ ਅਲਵਿਦਾ ਆਖ ਗਿਆ। ਬੂਰਾ ਨੇ ਆਪਣੇ ਪਸੰਦੀਦਾ ਅਨੁਰਾਗ ਦਲਾਲ ਨੂੰ ਪ੍ਰਧਾਨਗੀ ਦਾ ਉਮੀਦਵਾਰ ਖੜ੍ਹਾ ਕੀਤਾ ਅਤੇ ਪੂਰੀ ਵਾਹ ਲਗਾ ਕੇ ਚੋਣ ਜਿਤਾਈ। ਦੱਸਣਯੋਗ ਬਣਦਾ ਹੈ ਕਿ ਸਾਲ-2016 ਦੀ ਵੀ ਪੀਯੂ ਵਿਦਿਆਰਥੀ ਕੌਂਸਲ ਚੋਣ ਵਿੱਚ ਉਦੋਂ ਦੇ ਐੱਨਐੱਸਯੂਆਈ ਆਗੂ ਵਰਿੰਦਰ ਢਿੱਲੋਂ ਨੇ ਪਾਰਟੀ ਤੋਂ ਬਾਗ਼ੀ ਹੋ ਕੇ ਪੂਸੂ ਨਾਲ ਸਟੂਡੈਂਟ ਫਰੰਟ ਬਣਾ ਕੇ ਆਪਣੇ ਪਸੰਦੀਦਾ ਉਮੀਦਵਾਰ ਨਿਸ਼ਾਂਤ ਕੌਸ਼ਲ ਨੂੰ ਪ੍ਰਧਾਨ ਬਣਾਇਆ ਸੀ। ਇਸ ਵਾਰ ਅੱਠ ਸਾਲ ਬਾਅਦ ਫਿਰ ਉਹੀ ਇਤਿਹਾਸ ਦੁਹਰਾਇਆ ਗਿਆ ਹੈ ਜਿਸ ਦਾ ਪਾਰਟੀ ਨੂੰ ਨੁਕਸਾਨ ਹੋਇਆ।