ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਸਤੰਬਰ
ਵੱਖ-ਵੱਖ ਥਾਵਾਂ ਤੋਂ ਅਣਪਛਾਤੇ ਵਿਅਕਤੀ ਹਥਿਆਰਾਂ ਦਿਖਾ ਕੇ ਦੋ ਜਣਿਆਂ ਤੋਂ ਮੋਬਾਈਲ ਅਤੇ ਨਕਦੀ ਖੋਹਕੇ ਲੈ ਗਏ ਹਨ। ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਰਾਜੇਸ਼ ਖੰਨਾ ਵਾਸੀ ਮੁਹੱਲਾ ਨਿਊ ਸੁਖਦੇਵ ਨਗਰ ਨੇ ਦੱਸਿਆ ਕਿ ਉਹ ਨਿਊ ਗਿੱਲ ਟਰਾਂਸਪੋਰਟ ਤੋਂ ਕੰਮ ਕਾਰ ਖਤਮ ਕਰ ਕੇ ਆਪਣੇ ਮੋਟਰਸਾਈਕਲ ’ਤੇ ਘਰ ਜਾ ਰਿਹਾ ਸੀ ਕਿ ਸੇਠੀ ਸਵੀਟਸ ਸ਼ਾਪ ਮੋਤੀ ਨਗਰ ਕੋਲ ਉਸਨੂੰ ਤਿੰਨ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਉਸਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਮੋਬਾਈਲ ਫੋਨ ਵੀਵੋ ਅਤੇ 30 ਹਜ਼ਾਰ ਰੁਪਏ ਖੋਹ ਕੇ ਲੈ ਗਏ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨੇੜੇ ਮੱਕੜ ਡਾਇੰਗ ਬਾਲਾ ਜੀ ਪੁੱਲੀ ਵਾਸੀ ਮਨੋਜ ਕੁਮਾਰ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਆਪਣੀ ਫੈਕਟਰੀ ਸੀਕੇ ਡਾਇੰਗ ਤੋਂ ਘਰ ਆ ਰਿਹਾ ਸੀ ਕਿ ਬਾਲਾ ਜੀ ਪੁਲੀ ਤੋਂ ਪਹਿਲਾਂ ਲੱਛਮੀ ਡਾਇੰਗ ਦੇ ਗੇਟ ਸਾਹਮਣੇ ਇੱਕ ਐਕਟਿਵਾ ਉਪਰ ਦੋ ਲੜਕੇ ਆਏ, ਜਿਨ੍ਹਾਂ ਉਸਨੂੰ ਘੇਰ ਕੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਕੁੱਟਮਾਰ ਕੀਤੀ ਅਤੇ ਉਸਦਾ ਮੋਬਾਈਲ ਫੋਨ ਵੀਵੋ ਅਤੇ 3,000 ਰੁਪਏ ਖੋਹਕੇ ਲੈ ਗਏ। ਥਾਣੇਦਾਰ ਗੁਰਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਲੜਕੇ ਦਾ ਨਾਂ ਪਵਨ ਭੱਟੀ ਵਾਸੀ ਤਾਜਪੁਰ ਰੋਡ, ਮੁਹੱਲਾ ਜੀਵਨ ਨਗਰ ਪਤਾ ਲੱਗਿਆ ਹੈ। ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।