ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 5 ਸਤੰਬਰ
ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਔਰਤ ਸਮੇਤ ਪੰਜ ਜਣੇ ਜ਼ਖ਼ਮੀ ਹੋ ਗਏ ਹਨ ਜਦਕਿ ਇੱਕ ਐਕਟਿਵਾ ਸਕੂਟਰ ਅਤੇ ਟੈਂਪੂ ਦਾ ਵੀ ਨੁਕਸਾਨ ਹੋਇਆ ਹੈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੂੰ ਪਿੰਡ ਛਪਾਰ ਨੇੜੇ ਪ੍ਰਾਇਮਰੀ ਸਕੂਲ ਵਾਸੀ ਜਗਰੂਪ ਸਿੰਘ ਨੇ ਦੱਸਿਆ ਕਿ ਉਹ ਹਰਮਨ ਸਿੰਘ ਅਤੇ ਹਰਦੀਪ ਸਿੰਘ ਨਾਲ ਸਤਨਾਮ ਸ਼ਰਮਾ ਦੇ ਟੈਂਪੂ ’ਤੇ ਵਾਪਸ ਘਰ ਆ ਰਹੇ ਸਨ ਕਿ ਅਰੋੜਾ ਪੈਲੇਸ ਕੱਟ ਲਾਈਟਾਂ ਪਾਸ ਇੱਕ ਟਰਾਲਾ ਚਾਲਕ ਨੇ ਆਪਣਾ ਟਰਾਲਾ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਚਲਾ ਕੇ ਉਸਨੂੰ ਫੇਟ ਮਾਰੀ। ਟਰਾਲਾ ਚਾਲਕ ਸਮੇਤ ਟਰਾਲਾ ਫ਼ਰਾਰ ਹੋ ਗਿਆ। ਥਾਣੇਦਾਰ ਰਣਬੀਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਦੌਲਤ ਸਟਰੀਟ ਸਾਹਮਣੇ ਪੁਲੀਸ ਲਾਈਨ ਸਿਵਲ ਲਾਈਨ ਵਾਸੀ ਵਿਵੇਕ ਮਹਾਜਨ ਨੇ ਦੱਸਿਆ ਕਿ ਉਸਦੀ ਪਤਨੀ ਨਿਸ਼ਾ ਮਹਾਜਨ ਐਕਟਿਵਾ ’ਤੇ ਬੇਟੇ ਧਰੁਵ ਮਹਾਜਨ ਨੂੰ ਟਿਊਸ਼ਨ ਤੋਂ ਵਾਪਸ ਲੈ ਕੇ ਘਰ ਆ ਰਹੀ ਸੀ ਕਿ ਨਵੇਂ ਫਲਾਈਓਵਰ ਫਿਰੋਜ਼ਪੁਰ ਵਾਲੀ ਸਾਈਡ ਨੂੰ ਪਾਰ ਕਰਨ ਲੱਗਿਆਂ ਸਕਾਰਪੀਓ ਦੇ ਡਰਾਈਵਰ ਨੇ ਆਪਣੀ ਕਾਰ ਤੇਜ਼ ਰਫ਼ਤਾਰ ਅਤੇ ਅਣਗਹਿਲੀ ਨਾਲ ਚਲਾ ਕੇ ਪਤਨੀ ਦੀ ਐਕਟਿਵਾ ਨੂੰ ਫੇਟ ਮਾਰੀ, ਜਿਸ ਕਾਰਨ ਉਹ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਦੇ ਕਾਫ਼ੀ ਸੱਟਾਂ ਲੱਗੀਆਂ। ਇਸ ਦੌਰਾਨ ਕਾਰ ਚਾਲਕ ਸਮੇਤ ਕਾਰ ਫ਼ਰਾਰ ਹੋ ਗਿਆ। ਥਾਣੇਦਾਰ ਮੋਹਨ ਲਾਲ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਰ ਡਰਾਈਵਰ ਤਰਸੇਮ ਸਿੰਘ ਵਾਸੀ ਪਿੰਡ ਬਾਬਰਪੁਰ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।