ਗਗਨ ਅਰੋੜਾ
ਲੁਧਿਆਣਾ, 5 ਸਤੰਬਰ
ਸਲੇਮ ਟਾਬਰੀ ਵਿੱਚ ਟੈਂਪਲ ਆਫ਼ ਗੌਡ ਚਰਚ ਦੀ ਪਾਸਟਰ ਅਲੀਸ਼ਾ ਸੁਲਤਾਨ ਨੂੰ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਪਿਤਾ ਪਾਸਟਰ ਸੁਲਤਾਨ ਮਸੀਹ ਦੇ ਕਤਲ ਕੇਸ ਵਿੱਚ ਗਵਾਹੀ ਨਾ ਦੇਣ ਲਈ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਉਹ ਅਦਾਲਤ ਵਿੱਚ ਗਵਾਹੀ ਦੇਣ ਲਈ ਗਈ ਤਾਂ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਪਿਤਾ ਕੋਲ ਭੇਜ ਦਿੱਤਾ ਜਾਵੇਗਾ। ਜਦੋਂ ਸਾਰੇ ਬਾਹਰ ਆਏ ਤਾਂ ਮੁਲਜ਼ਮ ਉੱਥੋਂ ਭੱਜ ਗਏ। ਪਾਸਟਰ ਅਲੀਸ਼ਾ ਸੁਲਤਾਨ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਦੋ ਮਹੀਨਿਆਂ ਦੀ ਜਾਂਚ ਤੋਂ ਬਾਅਦ ਅਲੀਸ਼ਾ ਸੁਲਤਾਨ ਦੀ ਸ਼ਿਕਾਇਤ ’ਤੇ ਥਾਣਾ ਸਲੇਮ ਟਾਬਰੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।
ਦੱਸਣਯੋਗ ਹੈ ਕਿ ਸਾਲ 2016 ਤੋਂ 2017 ਤੱਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਾਪਰੇ ਲੜੀਵਾਰ ਕਤਲਾਂ ਦੌਰਾਨ ਪਾਸਟਰ ਅਲੀਸ਼ਾ ਸੁਲਤਾਨ ਦੇ ਪਿਤਾ ਸੁਲਤਾਨ ਮਸੀਹ ਦੀ 15 ਜੁਲਾਈ 2017 ਨੂੰ ਚਰਚ ਦੇ ਬਾਹਰ ਅਣਪਛਾਤੇ ਕਾਤਲਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਨੂੰ ਅਤਿਵਾਦੀ ਹਮਲਾ ਮੰਨਦਿਆਂ ਕਈ ਜਾਂਚ ਏਜੰਸੀਆਂ ਨੇ ਮਾਮਲੇ ਦੀ ਜਾਂਚ ਕੀਤੀ ਸੀ। ਇਸ ਦੌਰਾਨ ਪੰਜਾਬ ਪੁਲੀਸ ਨੇ ਇਸ ਮਾਮਲੇ ਵਿੱਚ ਜਗਤਾਰ ਸਿੰਘ ਜੌਹਲ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪਾਸਟਰ ਅਲੀਸ਼ਾ ਸੁਲਤਾਨ ਮੁਤਾਬਕ ਉਹ ਕੇਸ ਦੀ ਗਵਾਹ ਹੈ। ਬੀਤੀ 7 ਜੁਲਾਈ ਨੂੰ ਪਾਸਟਰ ਅਲੀਸ਼ਾ ਸੁਲਤਾਨ ਆਪਣੇ ਚਰਚ ਦੇ ਬਾਹਰ ਖੜ੍ਹੇ ਸਨ ਕਿ ਉਦੋਂ ਤਿੰਨ ਬਿਨਾਂ ਨੰਬਰ ਪਲੇਟ ਵਾਲੇ ਮੋਟਰਸਾਈਕਲ ’ਤੇ ਆਏ। ਉਨ੍ਹਾਂ ਚਰਚ ਦੇ ਬਾਹਰ ਨਾਅਰੇਬਾਜ਼ੀ ਕੀਤੀ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਆਪਣੇ ਪਿਤਾ ਦੇ ਕੇਸ ਵਿੱਚ ਜਗਤਾਰ ਸਿੰਘ ਜੌਹਲ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਅਦਾਲਤ ਵਿੱਚ ਗਵਾਹੀ ਦਿੱਤੀ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਜਾਵੇਗਾ।