ਪੈਰਿਸ, 5 ਸਤੰਬਰ
ਹਰਵਿੰਦਰ ਸਿੰਘ ਲਈ ਅਣਕਿਆਸੇ ਹਾਲਾਤ ਨਾਲ ਨਜਿੱਠਣਾ ਕੋਈ ਵੱਡੀ ਗੱਲ ਨਹੀਂ ਹੈ, ਭਾਵੇਂ ਇਹ ਤੀਰਅੰਦਾਜ਼ੀ ਹੋਵੇ ਜਾਂ ਆਮ ਜ਼ਿੰਦਗੀ। ਉਸ ਨੇ ਸਖ਼ਤ ਸਬਕ ਸਿੱਖ ਕੇ ਇਸ ਖੇਡ ਵਿੱਚ ਮੁਹਾਰਤ ਹਾਸਲ ਕੀਤੀ ਹੈ। ਹਰਿਆਣਾ ਦੇ 33 ਸਾਲਾ ਹਰਵਿੰਦਰ ਨੇ ਪੈਰਾਲੰਪਿਕ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਬਣ ਕੇ ਇਤਿਹਾਸ ਰਚਿਆ ਹੈ। ਜਦੋਂ ਉਹ ਸਿਰਫ਼ ਇੱਕ ਸਾਲ ਦਾ ਸੀ ਤਾਂ ਡੇਂਗੂ ਦਾ ਇਲਾਜ ਗਲਤ ਹੋਣ ਕਾਰਨ ਉਸ ਦੇ ਪੈਰ ਖਰਾਬ ਹੋ ਗਏ ਪਰ ਆਪਣੀ ਕਿਸਮਤ ਨੂੰ ਕੋਸਣ ਦੀ ਥਾਂ ਹਰਵਿੰਦਰ ਨੇ ਲੜਨਾ ਚੁਣਿਆ। ਪੈਰਾਲੰਪਿਕ ਵਿੱਚ ਉਸ ਦੀ ਸਫ਼ਲਤਾ ਦਾ ਸਫ਼ਰ ਤਿੰਨ ਸਾਲ ਪਹਿਲਾਂ ਟੋਕੀਓ ’ਚ ਸ਼ੁਰੂ ਹੋਇਆ, ਜਿੱਥੇ ਉਹ ਕਾਂਸੇ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਤੀਰਅੰਦਾਜ਼ ਬਣਿਆ। ਬੁੱਧਵਾਰ ਨੂੰ ਹਰਵਿੰਦਰ ਨੇ ਇੱਕ ਦਿਨ ਵਿੱਚ ਲਗਾਤਾਰ ਪੰਜ ਜਿੱਤਾਂ ਦਰਜ ਕਰਦਿਆਂ ਰਿਕਰਵ ਵਿਅਕਤੀਗਤ ਓਪਨ ਸ਼੍ਰੇਣੀ ਵਿੱਚ ਆਪਣਾ ਲਗਾਤਾਰ ਦੂਜਾ ਪੈਰਾਲੰਪਿਕ ਤਗ਼ਮਾ ਜਿੱਤਿਆ। ਇਸ ਚੈਂਪੀਅਨ ਤੀਰਅੰਦਾਜ਼ ਨੇ ਸੋਨ ਤਗ਼ਮਾ ਦੇਸ਼ ਅਤੇ ਆਪਣੀ ਮਰਹੂਮ ਮਾਂ ਨੂੰ ਸਮਰਪਿਤ ਕੀਤਾ, ਜਿਸ ਦੀ ਮੌਤ ਜਕਾਰਤਾ ਵਿੱਚ 2018 ਏਸ਼ਿਆਈ ਪੈਰਾ ਖੇਡਾਂ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋਈ ਸੀ। ਆਪਣੀ ਮਾਂ ਨੂੰ ਸ਼ਰਧਾਂਜਲੀ ਦਿੰਦਿਆਂ ਉਸ ਨੇ ਛੇ ਸਾਲ ਪਹਿਲਾਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਹਰਵਿੰਦਰ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਮੈਂ ਇਹ ਭਾਰਤ ਲਈ ਕੀਤਾ ਹੈ। ਮੈਂ ਆਪਣੇ ਮੈਚਾਂ ਤੋਂ ਪਹਿਲਾਂ ਅਤੇ ਇੱਥੇ ਸੋਨ ਤਗ਼ਮਾ ਜਿੱਤਣ ਮਗਰੋਂ ਆਪਣੀ ਮਾਂ ਬਾਰੇ ਵੀ ਸੋਚ ਰਿਹਾ ਸੀ।’’ ਉਸ ਨੇ ਕਿਹਾ, ‘‘ਮੈਂ ਕਲਪਨਾ ਕਰ ਸਕਦਾ ਹਾਂ ਕਿ ਜੇਕਰ ਉਹ ਇੱਥੇ ਹੁੰਦੀ ਤਾਂ ਕਿੰਨੀ ਖੁਸ਼ ਹੁੰਦੀ। ਜਦੋਂ ਮੈਂ ਤਗ਼ਮਾ ਦੌਰ ਤੱਕ ਪਹੁੰਚਦਾ ਹਾਂ ਤਾਂ ਉਹ ਹਮੇਸ਼ਾ ਮੇਰੇ ਦਿਮਾਗ ਵਿੱਚ ਰਹਿੰਦੀ ਹੈ।’’ ਹਰਵਿੰਦਰ ਨੇ ਕਿਹਾ, ‘‘ਤੀਰਅੰਦਾਜ਼ੀ ਅਣਕਿਆਸੀ ਖੇਡ ਹੈ। ਸਭ ਕੁੱਝ ਹੋ ਸਕਦਾ ਹੈ। ਮੈਂ ਹਰ ਤੀਰ ’ਤੇ ਧਿਆਨ ਕੇਂਦਰਿਤ ਕੀਤਾ। ਸਿਰਫ਼ ਅਗਲਾ ਤੀਰ ਮਾਇਨੇ ਰੱਖਦਾ ਹੈ।’’ ਹਰਵਿੰਦਰ ਦਾ ਮੰਨਣਾ ਹੈ ਕਿ ਮੌਜੂਦਾ ਸਮੇਂ ’ਚ ਬਣੇ ਰਹਿਣਾ ਅਤੇ ਬਹੁਤ ਅੱਗੇ ਦੀ ਨਾ ਸੋਚਣ ਨਾਲ ਉਸ ਨੂੰ ਫਾਇਦਾ ਹੋਇਆ। ਇਸੇ ਦੌਰਾਨ ਇਤਿਹਾਸ ਰਚਣ ਵਾਲੇ ਭਾਰਤੀ ਤੀਰਅੰਦਾਜ਼ ਹਰਵਿੰਦਰ ਸਿੰਘ ਦਾ ਇੱਥੇ ਪੈਰਿਸ ਪੈਰਾਲੰਪਿਕ ਵਿੱਚ ਦੋਹਰਾ ਤਗ਼ਮਾ ਜਿੱਤਣ ਦਾ ਸੁਫ਼ਨਾ ਟੁੱਟ ਗਿਆ ਕਿਉਂਕਿ ਉਹ ਆਪਣੀ ਜੋੜੀਦਾਰ ਪੂਜਾ ਜਟਿਆਂ ਨਾਲ ਸਲੋਵੇਨਿਆਈ ਜੋੜੀ ਤੋਂ ਕਾਂਸੇ ਦੇ ਤਗ਼ਮੇ ਦੇ ਸ਼ੂਟ-ਆਫ ’ਚ ਹਾਰ ਗਿਆ। ਇਹ ਭਾਰਤੀ ਜੋੜੀ ਸੈਮੀਫਾਈਨਲ ਵਿੱਚ ਸਖ਼ਤ ਟੱਕਰ ਦੇਣ ਦੇ ਬਾਵਜੂਦ ਇਟਲੀ ਦੇ ਸਿਖਰਲਾ ਦਰਜਾ ਪ੍ਰਾਪਤ ਅਲਿਸਾਬੇਟਾ ਮਿਜਨੋ ਅਤੇ ਸਟੇਫਾਨੋ ਟ੍ਰੈਵਿਸਾਨੀ ਤੋਂ 2-6 ਨਾਲ ਹਾਰ ਗਈ ਸੀ।ਇਸ ਤੋਂ ਪਹਿਲਾਂ ਭਾਰਤੀ ਜੋੜੀ ਨੇ ਪੋਲੈਂਡ ਦੀ ਟੀਮ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਸੀ। ਭਾਰਤ ਲਈ ਪੈਰਿਸ ਪੈਰਾਲੰਪਿਕ ਵਿੱਚ ਰਾਕੇਸ਼ ਕੁਮਾਰ ਅਤੇ ਸ਼ੀਤਲ ਦੇਵੀ ਨੇ ਕੰਪਾਊਂਡ ਮਿਕਸਡ ਟੀਮ ਓਪਨ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ
ਜੂਡੋ: ਕਪਿਲ ਪਰਮਾਰ ਨੇ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ
ਕਪਿਲ ਪਰਮਾਰ ਨੇ ਅੱਜ ਇੱਥੇ ਜੇ1 60 ਕਿਲੋ ਪੁਰਸ਼ ਪੈਰਾ ਜੂਡੋ ਮੁਕਾਬਲੇ ’ਚ ਬ੍ਰਾਜ਼ੀਲ ਦੇ ਐਲੀਲਟੋਨ ਡੀ ਓਲਿਵੇਰਾ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਭਾਰਤ ਨੂੰ ਜੂਡੋ ਵਿੱਚ ਪਹਿਲਾ ਪੈਰਾਲੰਪਿਕ ਤਗ਼ਮਾ ਦਿਵਾਇਆ। ਪਰਮਾਰ ਨੇ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਆਪਣੇ ਵਿਰੋਧੀ ’ਤੇ ਸ਼ੁਰੂ ਤੋਂ ਹੀ ਦਬਾਅ ਬਣਾਈ ਰੱਖਿਆ ਅਤੇ ਰਿਕਾਰਡ 10-0 ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਹ ਸੈਮੀਫਾਈਨਲ ਵਿੱਚ ਇਰਾਨ ਦੇ ਐੱਸ ਬਨਿਤਾਬਾ ਖੋਰੱਮ ਤੋਂ ਹਾਰ ਗਿਆ। ਪਰਮਾਰ (24) ਨੂੰ ਸੈਮੀਫਾਈਨਲ ਏ ਵਿੱਚ ਇਰਾਨੀ ਵਿਰੋਧੀ ਤੋਂ 0-10 ਨਾਲ ਹਾਰ ਮਿਲੀ। ਪੈਰਾ ਜੂਡੋ ਦੇ ਜੇ1 ਵਰਗ ਵਿੱਚ ਉਹ ਖਿਡਾਰੀ ਹਿੱਸਾ ਲੈਂਦੇ ਹਨ, ਜੋ ਨੇਤਰਹੀਣ ਹੁੰਦੇ ਹਨ ਜਾਂ ਫਿਰ ਉਨ੍ਹਾਂ ਦੀ ਦੇਖਣ ਸਮਰੱਥਾ ਨਾਮਾਤਰ ਹੁੰਦੀ ਹੈ। ਪਰਮਾਰ ਨੇ 2022 ਏਸ਼ਿਆਈ ਖੇਡਾਂ ਦੇ ਇਸੇ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਉਸ ਨੇ ਕੁਆਰਟਰ ਫਾਈਨਲ ਵਿੱਚ ਵੇਨੇਜ਼ੁਏਲਾ ਦੇ ਮਾਰਕੋ ਡੇਨਿਸ ਬਲਾਂਕੋ ਨੂੰ 10-0 ਨਾਲ ਮਾਤ ਦਿੱਤੀ ਸੀ। ਪਰਮਾਰ ਨੂੰ ਦੋਵਾਂ ਮੁਕਾਬਲਿਆਂ ਵਿੱਚ ਇੱਕ-ਇੱਕ ਪੀਲਾ ਕਾਰਡ ਮਿਲਿਆ। ਇਸੇ ਤਰ੍ਹਾਂ ਮਹਿਲਾਵਾਂ ਦੇ 48 ਕਿਲੋ ਜੇ2 ਵਰਗ ਦੇ ਕੁਆਰਟਰ ਫਾਈਨਲ ਵਿੱਚ ਭਾਰਤ ਦੀ ਕੋਕਿਲਾ ਨੂੰ ਕਜ਼ਾਖਸਤਾਨ ਦੀ ਅਕਮਾਰਲ ਨੌਟਬੇਕ ਤੋਂ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮਗਰੋਂ ਰੈਪੇਚੇਜ਼ ਏ ਦੇ ਜੇ2 ਫਾਈਨਲ ਵਿੱਚ ਕੋਕਿਲਾ ਨੂੰ ਯੂਕਰੇਨ ਦੀ ਯੂਲਿਆ ਇਵਾਨਿਤਸਕਾ ਤੋਂ 0-10 ਨਾਲ ਹਾਰ ਮਿਲੀ। ਇਸ ਵਿੱਚ ਉਸ ਨੂੰ ਤਿੰਨ, ਜਦਕਿ ਉਸ ਦੀ ਵਿਰੋਧੀ ਨੂੰ ਦੋ ਪੀਲੇ ਕਾਰਡ ਮਿਲੇ। ਜੇ2 ਵਰਗ ਵਿੱਚ ਦੇਖਣ ਸਮਰੱਥਾ ਘੱਟ ਵਾਲੇ ਖਿਡਾਰੀ ਹਿੱਸਾ ਲੈਂਦੇ ਹਨ।
ਧਰਮਬੀਰ ਨੇ ਕੋਚ ਅਮਿਤ ਨੂੰ ਸਮਰਪਿਤ ਕੀਤਾ ਸੋਨ ਤਗ਼ਮਾ
ਧਰਮਬੀਰ ਨੇ ਪੁਰਸ਼ਾਂ ਦੇ ਕਲੱਬ ਥਰੋਅ ਐੱਫ51 ਮੁਕਾਬਲੇ ਦਾ ਪੈਰਾਲੰਪਿਕ ਸੋਨ ਤਗ਼ਮਾ ਟੀਮ ਦੇ ਆਪਣੀ ਸਾਥੀ ਅਤੇ ਕੋਚ ਅਮਿਤ ਕੁਮਾਰ ਸਰੋਹਾ ਨੂੰ ਸਮਰਪਿਤ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਉਸ ਦੀ ਇਹ ਪ੍ਰਾਪਤੀ ਪੈਰਾ ਅਥਲੀਟਾਂ ਦੀ ਅਗਲੀ ਪੀੜ੍ਹੀ ਨੂੰ ਵਿਰਾਸਤ ਅੱਗੇ ਲੈ ਕੇ ਜਾਣ ਲਈ ਪ੍ਰੇਰਿਤ ਕਰੇਗੀ। ਪੈਂਤੀ ਸਾਲਾ ਧਰਮਬੀਰ ਨੇ ਬੁੱਧਵਾਰ ਦੇਰ ਰਾਤ ਪੈਰਾਲੰਪਿਕ ਵਿੱਚ 34.92 ਮੀਟਰ ਦੇ ਥਰੋਅ ਨਾਲ ਏਸ਼ਿਆਈ ਰਿਕਾਰਡ ਤੋੜ ਕੇ ਸੋਨ ਤਗ਼ਮਾ ਜਿੱਤਿਆ, ਜਦੋਂ ਪ੍ਰਣਵ ਸੂਰਮਾ ਨੇ 34.59 ਮੀਟਰ ਦੀ ਕੋਸ਼ਿਸ਼ ਨਾਲ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਹਾਲਾਂਕਿ ਅਮਿਤ ਪੋਡੀਅਮ ਤੱਕ ਪਹੁੰਚਣ ’ਚ ਅਸਫ਼ਲ ਰਿਹਾ ਅਤੇ ਮੁਕਾਬਲੇ ਵਿੱਚ ਆਖ਼ਰੀ ਸਥਾਨ ’ਤੇ ਰਿਹਾ। ਧਰਮਬੀਰ ਨੇ ਕਿਹਾ, ‘ਮੈਂ ਇਹ ਤਗ਼ਮਾ ਆਪਣੇ ਗੁਰੂ ਅਮਿਤ ਸਰੋਹਾ ਨੂੰ ਸਮਰਪਿਤ ਕਰਦਾ ਹਾਂ। ਉਨ੍ਹਾਂ ਦਾ ਅਸ਼ੀਰਵਾਦ ਸ਼ੁਰੂ ਤੋਂ ਹੀ ਮੇਰੇ ਨਾਲ ਹੈ ਅਤੇ ਇਸੇ ਕਾਰਨ ਮੈਂ ਇਹ ਤਗ਼ਮਾ ਜਿੱਤ ਸਕਿਆ ਹਾਂ।’ ਧਰਮਬੀਰ ਨੂੰ ਨਹਿਰ ਵਿੱਚ ਗੋਤਾ ਲਗਾਉਣ ’ਚ ਗਲਤੀ ਹੋਣ ਕਾਰਨ ਸੱਟ ਲੱਗੀ ਅਤੇ ਚੱਟਾਨਾਂ ਨਾਲ ਟਕਰਾਉਣ ਕਾਰਨ ਸਰੀਰ ਦੇ ਹੇਠਲੇ ਹਿੱਸੇ ਨੂੰ ਅਧਰੰਗ ਹੋ ਗਿਆ ਸੀ। ਉਸ ਨੇ 2014 ਵਿੱਚ ਪੈਰਾ ਖੇਡਾਂ ’ਚ ਆਪਣਾ ਰਾਹ ਲੱਭਿਆ ਅਤੇ ਅਮਿਤ ਨਾਲ ਕਲੱਬ ਥਰੋਅ ਵਿੱਚ ਸਿਖਲਾਈ ਲਈ। ਧਰਮਬੀਰ ਦੇ ਸ਼ੁਰੂਆਤੀ ਚਾਰ ਥਰੋਅ ਫਾਊਲ ਕਰਾਰ ਦਿੱਤੇ ਗਏ ਸੀ।
ਅਥਲੈਟਿਕਸ: ਸਿਮਰਨ ਟੀ12 100 ਮੀਟਰ ਦੌੜ ਦੇ ਫਾਈਨਲ ’ਚ ਹਾਰੀ
ਭਾਰਤੀ ਦੌੜਾਕ ਸਿਮਰਨ ਅੱਜ ਇੱਥੇ ਪੈਰਿਸ ਪੈਰਾਲੰਪਿਕ ਦੇ ਮਹਿਲਾ ਟੀ12 ਵਰਗ ਦੀ 100 ਮੀਟਰ ਦੌੜ ਦੇ ਫਾਈਨਲ ਵਿੱਚ ਸਖ਼ਤ ਮੁਕਾਬਲੇ ਦੌਰਾਨ ਚੌਥੇ ਸਥਾਨ ’ਤੇ ਰਹਿੰਦਿਆਂ ਤਗ਼ਮੇ ਤੋਂ ਖੁੰਝ ਗਈ। ਉਸ ਨੇ 12.31 ਸੈਕਿੰਡ ਵਿੱਚ ਦੌੜ ਪੂਰੀ ਕੀਤੀ। ਮੁਕਾਬਲੇ ਵਿੱਚ ਕਿਊਬਾ ਦੀ ਮੌਜੂਦਾ ਪੈਰਾਲੰਪਿਕ ਚੈਂਪੀਅਨ ਅਤੇ ਵਿਸ਼ਵ ਰਿਕਾਰਡਧਾਰੀ ਓਮਾਰਾ ਡੁਰੰਡ ਨੇ 11.81 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ, ਜਦਕਿ ਯੂਕਰੇਨ ਦੀ ਓਕਸਾਨਾ ਬੋਟੂਚੂਰਕ ਨੇ 12.17 ਸੈਕਿੰਡ ਦੇ ਸਮੇਂ ਨਾਲ ਚਾਂਦੀ ਅਤੇ ਜਰਮਨੀ ਦੀ ਮਿਊਲਰ ਰੋਟਗਾਰਡ ਨੇ 12.26 ਸੈਕਿੰਡ ਦੇ ਸਮੇਂ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ। ਟੀ12 ਵਰਗ ਵਿੱਚ ਨੇਤਰਹੀਣ ਖਿਡਾਰੀ ਹਿੱਸਾ ਲੈਂਦੇ ਹਨ।