ਬੰਗਲੂਰੂ, 5 ਸਤੰਬਰ
ਰੇਣੂਕਾਸਵਾਮੀ ਕਤਲ ਕੇਸ ’ਚ ਕੰਨੜ ਅਦਾਕਾਰ ਦਰਸ਼ਨ ਥੂਗਾਦੀਪਾ ਅਤੇ ਹੋਰਨਾਂ ਖ਼ਿਲਾਫ਼ ਦੋਸ਼ ਪੱਤਰ ਦਾਖਲ ਕਰਨ ਦੇ ਇੱਕ ਦਿਨ ਬਾਅਦ ਅੱਜ ਸੋੋਸ਼ਲ ਮੀਡੀਆ ’ਤੇ ਪੀੜਤ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਜਾਨ ਬਖਸ਼ਣ ਲਈ ਤਰਲੇ ਕੱਢਦਾ ਦਿਖਾਈ ਦੇ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਤਸਵੀਰ ’ਚ ਰੇਣੂਕਾਸਵਾਮੀ ਨੰਗੇ ਧੜ ਤੇ ਖੌਫ਼ਜ਼ਦਾ ਨਜ਼ਰ ਆ ਰਿਹਾ ਹੈ। ਇਹ ਤਸਵੀਰ ਉਸ ’ਤੇ ਕੀਤੇ ਤਸ਼ੱਦਦ ਨੂੰ ਬਿਆਨ ਕਰਦੀ ਹੈ, ਜਿਹੜਾ ਕਤਲ ਤੋਂ ਪਹਿਲਾਂ ਉਸ ’ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰੇਣੂਕਾਸਵਾਮੀ ਦੇ ਸਰੀਰ ’ਤੇ ਸੱਟਾਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ ਤੇ ਇੱਕ ਹੋਰ ਤਸਵੀਰ ’ਚ ਉਹ ਟਰੱਕ ਕੋਲ ਜ਼ਮੀਨ ’ਤੇ ਡਿੱਗਾ ਹੋਇਆ ਹੈ। ਪੁਲੀਸ ਸੂਤਰਾਂ ਮੁਤਾਬਕ ਰੇਣੂਕਾਸਵਾਮੀ ਨੂੰ ਡੰਡਿਆਂ ਨਾਲ ਕੁੱਟਿਆ ਗਿਆ, ਬਿਜਲੀ ਦੇ ਝਟਕੇ ਦਿੱਤੇ ਗਏ ਅਤੇ ਕੰਧ ਨਾਲ ਮਾਰਿਆ ਗਿਆ, ਜਿਸ ਕਾਰਨ ਉਸ ਦੀਆਂ ਕਈ ਹੱਡੀਆਂ ਟੁੱਟ ਗਈਆਂ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਦਾਇਰ ਦੋਸ਼ ਪੱਤਰ ’ਚ ਫੋਰੈਂਸਿਕ ਰਿਪੋਰਟ ਵੀ ਸ਼ਾਮਲ ਹੈ, ਜਿਸ ਤੋਂ ਪੁਸ਼ਟੀ ਹੁੰਦੀ ਹੈ ਕਿ ਦਰਸ਼ਨ ਦੇ ਕੱਪੜਿਆਂ ’ਤੇ ਰੇਣੂਕਾਸਵਾਮੀ ਦੇ ਖ਼ੂਨ ਦੇ ਦਾਗ ਮਿਲੇ ਸਨ। ਦਰਸ਼ਨ ਉਸ ਦੀ ਦੋਸਤ ਪਵਿੱਤਰਾ ਗੌੜਾ ਅਤੇ ਮਾਮਲੇ ’ਚ ਮੁਲਜ਼ਮ ਹੋਰ ਵਿਅਕਤੀ ਇਸ ਸਮੇਂ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਹਨ। -ਪੀਟੀਆਈ
ਅਦਾਕਾਰ ਦਰਸ਼ਨ ਸਵਾਮੀ ਤੇ ਉਸ ਦੇ ਸਾਥੀ ‘ਦੈਂਤ’ ਹਨ: ਕਾਸ਼ੀਨਾਥ
ਚਿਤਰਦੁਰਗ (ਕਰਨਾਟਕ):
ਰੇਣੂਕਾਸਵਾਮੀ (33) ਦੀ ਜਾਨ ਬਖਸ਼ਣ ਲਈ ਤਰਲੇ ਕੱਢਣ ਵਾਲੀ ਤਸਵੀਰ ਵਾਇਰਲ ’ਤੇ ਮਗਰੋਂ ਉਸ ਦੇ ਪਿਤਾ ਕਾਸ਼ੀਨਾਥ ਐੱਸ. ਸ਼ਿਵਾਨਗੌਡਰੂ ਨੇ ਜੇਲ੍ਹ ’ਚ ਬੰਦ ਅਦਾਕਾਰ ਦਰਸ਼ਨ ਥੂਗੂਦੀਪਾ ਤੇ ਉਸ ਦੇ ਸਾਥੀਆਂ ਜਿਨ੍ਹਾਂ ਨੇ ਉਸ ਦੇ ਬੇਟੇ ਨੂੰ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ, ਨੂੰ ‘ਦੈਂਤ’ ਕਰਾਰ ਦਿੱਤਾ ਹੈ। -ਪੀਟੀਆਈ