ਪੱਤਰ ਪ੍ਰੇਰਕ
ਸ਼ੇਰਪੁਰ, 5 ਸਤੰਬਰ
ਸ਼ੇਰਪੁਰ ’ਚ ‘ਸਰਕਾਰ ਤੁਹਾਡੇ ਦੁਆਰ’ ਤਹਿਤ ਜਨ ਸੁਣਵਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਕਈ ਵਿਭਾਗਾਂ ਨੇ ਆਪੋ-ਆਪਣੇ ਮੇਜ਼ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਉਪਰਾਲਾ ਕੀਤਾ। ਇਸ ਕੈਂਪ ਵਿੱਚ ਉਮੀਦ ਦੇ ਉਲਟ ਕੰਮ ਕਰਵਾਉਣ ਵਾਲੇ ਲੋਕਾਂ ਦਾ ਉਤਸ਼ਾਹ ਮੱਠਾ ਜਾਪਿਆ। ਜਾਣਕਾਰੀ ਅਨੁਸਾਰ ਜਿੰਨੀ ਤਿਆਰੀ ਨਾਲ ਪ੍ਰਸ਼ਾਸਨ ਨੇ ਵਿਭਾਗਾਂ ਨੂੰ ਚਿੱਠੀਆਂ ਕੱਢ ਕੇ ਕੈਂਪ ਵਿੱਚ ਪੁੱਜਣ ਲਈ ਕਿਹਾ ਸ਼ਾਇਦ ਉਨੀ ਤਿਆਰੀ ਨਾਲ ਲੋਕਾਂ ਤੱਕ ਸੁਨੇਹਾ ਨਹੀਂ ਪਹੁੰਚਿਆ। ਵੱਖ-ਵੱਖ ਵਿਭਾਗਾਂ ਵੱਲੋਂ ਲੋਕ ਸਮੱਸਿਆਵਾਂ ਦੇ ਹੱਲ ਲਈ ਆਉਣ ਵਾਲੀ ਦਰਖਾਸਤਾਂ ਸਬੰਧੀ ਬਕਾਇਦਾ ਟੇਬਲ ਲਗਾਏ ਗਏ ਸਨ ਪਰ ਲੋਕਾਂ ਦੀ ਆਮਦ ਉਮੀਦ ਨਾਲੋਂ ਬਹੁਤ ਘੱਟ ਸੀ। ਕਸਬੇ ਦੇ ਬਹੁਤੇ ਆਮ ਲੋਕਾਂ ਨੂੰ ਕੈਂਪ ਬਾਰੇ ਪਤਾ ਹੀ ਨਹੀਂ ਸੀ ਅਤੇ ਇੱਥੋ ਤੱਕ ਮੀਡੀਆ ਕਰਮੀਆਂ ਨੂੰ ਕੈਂਪ ਵਿੱਚ ਸ਼ਿਰਕਤ ਕਰਨ ਲਈ ਕੋਈ ਸੱਦਾ ਨਹੀਂ ਸੀ। ਉਧਰ ਨਾਇਬ ਤਹਿਸੀਲਦਾਰ ਗੌਰਵ ਬਾਂਸਲ ਨੇ ਦਾਅਵਾ ਕੀਤਾ ਕਿ 8 ਲੋਕਾਂ ਦੇ ਪੈਨਸ਼ਨ ਫਾਰਮ, ਕਈ ਕੱਚੇ ਮਕਾਨਾਂ ਦੀਆਂ ਰਿਪੋਰਟਾਂ, ਅੱਠ ਦਸ ਵਿਅਕਤੀਆਂ ਦੇ ਆਧਾਰ ਕਾਰਡ ਅਪਡੇਟ, ਬਿਜਲੀ ਬੋਰਡ ਦੇ ਮੀਟਰਾਂ ਤੋਂ ਇਲਾਵਾ ਕੋਈ ਵੀ ਇੰਤਕਾਲ ਬਕਾਇਆ ਨਹੀਂ ਰਿਹਾ। ਜਦੋਂ ਉਨ੍ਹਾਂ ਨੂੰ ਵੱਖ-ਵੱਖ ਵਿਭਾਗਾਂ ਦੇ ਹੋਏ ਕੰਮਾਂ ਦੇ ਅੰਕੜੇ ਦੇਣ ਲਈ ਕਿਹਾ ਤਾਂ ਉਨ੍ਹਾਂ ਕੋਈ ਵੀ ਅੰਕੜਾ ਦੇਣ ਤੋਂ ਅਸਮਰੱਥਾ ਜਤਾਈ। ਉਂਜ ਨਾਇਬ ਤਹਿਸਾਲਦਾਰ ਨੇ ਉਤਸ਼ਾਹ ਮੱਠਾ ਰਹਿਣ ਦੀ ਧਾਰਨਾ ਨੂੰ ਨਿਰਅਧਾਰ ਦੱਸਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਾਲ ਹੀ ਦੌਰਾਨ ਬਲਾਕ ਸ਼ੇਰਪੁਰ ਦੇ ਪਿੰਡ ਘਨੌਰੀ ਕਲਾਂ ਵਿਖੇ ਕੈਂਪ ਲਗਾਇਆ ਗਿਆ ਸੀ ਜਿਸ ਸਬੰਧੀ ਕਈ ਵਿਭਾਗਾਂ ਨੇ ਉੱਥੇ ਆਉਣਾ ਹੀ ਮੁਨਾਸਿਫ਼ ਨਹੀਂ ਸਮਝਿਆ ਸੀ।