ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਸਤੰਬਰ
ਪੀ.ਐੱਸ.ਟੈੱਟ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਈਟੀਟੀ ਅਤੇ ਬੀਐੱਡ ਪਾਸ ਬੇਰੁਜ਼ਗਾਰ ਅਧਿਆਪਕਾਂ ਵਲੋਂ ਅੱਜ ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਦੀ ਕੋਠੀ ਅੱਗੇ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਵਲੋਂ ਜਬਰੀ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲੀਸ ਨੇ ਬੈਰੀਕੇਡਿੰਗ ਕਰਕੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਬੇਰੁਜ਼ਗਾਰ ਅਧਿਆਪਕਾਂ ਅਤੇ ਪੁਲੀਸ ਵਿਚਕਾਰ ਮਾਮੂਲੀ ਖਿੱਚ-ਧੂਹ ਵੀ ਹੋਈ ਜਿਸ ਦੌਰਾਨ ਇੱਕ ਬੇਰੁਜ਼ਗਾਰ ਮਹਿਲਾ ਅਧਿਆਪਕ ਬੇਹੋਸ਼ ਹੋ ਗਈ।
ਪੁਲੀਸ ਵਲੋਂ ਰੋਕੇ ਜਾਣ ’ਤੇ ਬੇਰੁਜ਼ਗਾਰ ਅਧਿਆਪਕਾਂ ਨੇ ਸੜਕ ’ਤੇ ਹੀ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ। ਬੇਰੁਜ਼ਗਾਰ ਅਧਿਆਪਕ ਪੰਜਾਬ ਸਰਕਾਰ ਵਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਨਾ ਲੈਣ ਤੋਂ ਖਫ਼ਾ ਸਨ ਅਤੇ ਤੁਰੰਤ ਟੈੱਟ ਪ੍ਰੀਖਿਆ ਕਰਾਉਣ ਦੀ ਮੰਗ ਕਰ ਰਹੇ ਸਨ।
ਜਾਣਕਾਰੀ ਅਨੁਸਾਰ ਅੱਜ ਬੇਰੁਜ਼ਗਾਰ ਅਧਿਆਪਕ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ। ਉਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਗੇਟ ਨੇੜੇ ਪੁੱਜੇ, ਜਿੱਥੇ ਪੁਲੀਸ ਨੇ ਸਖਤ ਨਾਕੇਬੰਦੀ ਕਰਕੇ ਉਨ੍ਹਾਂ ਨੂੰ ਰੋਕ ਲਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੋਨੂ ਕੰਬੋਜ, ਰਾਹੁਲ ਕੰਬੋਜ, ਸ਼ੇਰਬਾਜ਼ ਸਿੰਘ, ਸੋਨੂ ਜਲਾਲਾਬਾਦ ਤੇ ਲਵਿਸ਼ ਕੁਮਾਰ ਆਦਿ ਨੇ ਕਿਹਾ ਕਿ 18 ਫਰਵਰੀ ਨੂੰ ਪੰਜਾਬ ਸਰਕਾਰ ਨੇ ਟੈਟ ਪ੍ਰੀਖਿਆ ਲੈਣ ਦਾ ਵਾਅਦਾ ਕਰਦਿਆਂ ਕਿਹਾ ਸੀ ਕਿ 26 ਮਈ 2024 ਨੂੰ ਟੈਟ ਪ੍ਰੀਖਿਆ ਲਈ ਜਾਵੇਗੀ ਪਰ ਅਜੇ ਤੱਕ ਸਰਕਾਰ ਵਲੋਂ ਕੋਈ ਫਾਰਮ ਨਹੀਂ ਭਰਵਾਏ ਗਏ ਅਤੇ ਨਾ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਲਾਰੇ ਲੱਪੇ ਲਗਾ ਰਹੀ ਹੈ ਅਤੇ ਟੈਟ ਪ੍ਰੀਖਿਆ ਲੈਣ ਲਈ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਬੇਰੁਜ਼ਗਾਰ ਈਟੀਟੀ ਅਤੇ ਬੀਐੱਡ ਅਧਿਆਪਕਾਂ ਵਿਚ ਰੋਸ ਹੈ ਕਿਉਂਕਿ ਬੇਰੁਜ਼ਗਾਰ ਅਧਿਆਪਕ ਲੰਮੇ ਸਮੇਂ ਤੋਂ ਟੈਟ ਪ੍ਰੀਖਿਆ ਦੀ ਉਡੀਕ ਕਰ ਰਹੇ ਹਨ।
ਬੁਲਾਰਿਆਂ ਨੇ ਮੰਗ ਕੀਤੀ ਕਿ ਪੀ.ਐਸ.ਟੈਟ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ, ਪੀ.ਐਸ. ਟੈਟ ਦੀ ਪ੍ਰੀਖਿਆ ਅਸਾਮੀਆਂ ਕੱਢਣ ਤੋਂ ਪਹਿਲਾਂ ਲਈ ਜਾਵੇ, ਪ੍ਰੀਖਿਆ ਦਿੱਤੇ ਗਏ ਸਿਲੇਬਸ ਅਨੁਸਾਰ ਲਈ ਜਾਵੇ, ਬਾਕੀ ਪੋਸਟਾਂ ਦੀ ਤਰ੍ਹਾਂ ਪੀਐੱਸਟੈੱਟ ਦਾ ਵੀ ਕਲੰਡਰ ਜਾਰੀ ਕੀਤਾ ਜਾਵੇ।
ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਪੀ.ਐਸ.ਟੈਟ ਦਾ ਨੋਟੀਫਿਕੇਸ਼ਨ ਜਾਰੀ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 11 ਸਤੰਬਰ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਤੈਅ ਕਰਵਾਉਣ ਮਗਰੋਂ ਉਨ੍ਹਾਂ ਆਪਣਾ ਧਰਨਾ ਸਮਾਪਤ ਕੀਤਾ।