ਸਰਦੂਲਗੜ੍ਹ: ਲੰਬੇ ਸਮੇਂ ਤੋਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸ਼ਹਿਰ ਵਾਸੀਆਂ ਨੇ ਆਪਣੀਆਂ ਮੁਸ਼ਕਲਾਂ ਹੱਲ ਕਰਾਉਣ ਲਈ ਨਗਰ ਪੰਚਾਇਤ ਦਫਤਰ ਸਰਦੂਲਗੜ੍ਹ ਅੱਗੇ ਧਰਨਾ ਲਾ ਕੇ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਤੇ ਸਬੰਧਤ ਮਹਿਕਮੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਕਾਮਰੇਡ ਲਾਲ ਚੰਦ ਅਤੇ ਰਿੰਪੀ ਬਰਾੜ ਨੇ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਓਵਰਫਲੋ, ਪੀਣ ਵਾਲੇ ਪਾਣੀ ਦੀ ਥਾਂ ਪ੍ਰਦੂਸ਼ਤ ਪਾਣੀ ਪਹੁੰਚਣ, ਸਰਦੂਲਗੜ੍ਹ ਦੀ ਹੱਦ ਅੰਦਰ ਸਾਰੀਆਂ ਸੜਕਾਂ ਉੱਤੇ ਲਾਈਟਾਂ ਅਤੇ ਕੈਮਰੇ ਲਗਾਉਣ ਅਤੇ ਨਕਸ਼ੇ ਪਾਸ ਕਰਾਉਣ ਅਤੇ ਐਨਓਸੀ ਵਰਗੀਆਂ ਬੇਲੋੜੀਆਂ ਸ਼ਰਤਾਂ ਲਾ ਕੇ ਪਰੇਸ਼ਾਨ ਕਰਨਾ ਆਦਿ ਮੁਸ਼ਕਲਾਂ ਦਾ ਪ੍ਰਸ਼ਾਸਨ ਵੱਲੋਂ ਹੱਲ ਕਰਨ ਸਬੰਧੀ ਨਾ ਪੱਖੀ ਰਵਈਆ ਅਖਤਿਆਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਐਸਡੀਐਮ ਸਰਦੂਲਗੜ੍ਹ ਅਤੇ ਏਡੀਸੀ ਮਾਨਸਾ ਨੂੰ ਲਿਖਤੀ ਰੂਪ ਦੇ ਵਿੱਚ ਇਨ੍ਹਾਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਸੀ। ਪ੍ਰਸ਼ਾਸਨ ਦੇ ਵਾਰ-ਵਾਰ ਧਿਆਨ ’ਚ ਲਿਆਉਣ ਤੇ ਵੀ ਕੋਈ ਹੱਲ ਨਹੀਂ ਕੀਤਾ ਗਿਆ। -ਪੱਤਰ ਪ੍ਰੇਰਕ