ਨਿੱਜੀ ਪੱਤਰ ਪ੍ਰੇਰਕ
ਮੋਗਾ, 5 ਸਤੰਬਰ
ਇਥੇ ਨਵੇਂ ਆਏ ਡਿਪਟੀ ਕਮਿਸ਼ਨਰ ਨੇ ਅਹੁਦਾ ਸੰਭਾਲਦੇ ਸਾਰ ਜ਼ਿਲ੍ਹੇ ਵਿਚ ਪਰੇਗਾਬਲਿਨ (ਸਿਗਨੇਚਰ) ਕੈਪਸੂਲ ਦੀ ਵਿਕਰੀ ਉੱਤੇ ਪਾਬੰਦੀ ਲਈ ਹੁਕਮ ਜਾਰੀ ਕੀਤੇ ਹਨ। ਇਸ ਕੈਪਸੂਲ ਨੂੰ ਜ਼ਿਆਦਾਤਰ ਲੋਕ ਨਸ਼ ਕਰਨ ਲਈ ਵਰਤਦੇ ਹਨ ਪਰ ਇਸ ਉੱਤੇ ਐੱਨਡੀਪੀਸੀ ਐਕਟ ਤਹਿਤ ਪੁਲੀਸ ਕਾਰਵਾਈ ਨਹੀਂ ਕਰ ਸਕਦੀ ਸੀ। ਹੁਣ ਡੀਸੀ ਵੱਲੋਂ ਲਾਈ ਪਾਬੰਦੀ ਦੀ ਉਲੰਘਣਾ ਕਰ ਕੇ ਬਿਨਾਂ ਡਾਕਟਰ ਦੀ ਪਰਚੀ ਤੋਂ ਕੋਈ ਮੈਡੀਕਲ ਸਟੋਰ ਵੇਚੇਗਾ ਤਾਂ ਪੁਲੀਸ ਹੁਣ ਕਾਰਵਾਈ ਕਰ ਸਕੇਗੀ। ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਆਮ ਲੋਕ ਪਰੇਗਾਬਲਿਨ 300 ਐਮ.ਜੀ. (ਸਿਗਨੇਚਰ) ਕੈਪਸੂਲ ਦੀ ਵਰਤੋਂ ਮੈਡੀਕਲ ਨਸ਼ੇ ਵਜੋਂ ਕਰ ਰਹੇ ਹਨ। ਇਸਦੀ ਵਿਕਰੀ ਰੋਕਣ ਲਈ ਸਿਵਲ ਸਰਜਨ ਦੀ ਅਗਵਾਈ ਹੇਠ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿੱਚ ਡਰੱਗ ਇੰਸਪੈਕਟਰ ਤੋਂ ਇਲਾਵਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮਲ ਸਨ। ਕਮੇਟੀ ਦੀ ਸਿਫ਼ਾਰਸਾਂ ਉੱਤੇ ਬਤੌਰ ਜ਼ਿਲ੍ਹਾ ਮੈਜਿਸਟਰੇਟ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸ ਕੈਪਸੂਲ ਉੱਤੇ ਪਾਬੰਦੀ ਲਗਾ ਦਿੱਤੀ ਹੈ। ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਡਾਕਟਰ, ਹਸਪਤਾਲ, ਕੈਮਿਸਟ ਆਦਿ ਨੂੰ ਬਖਸ਼ਿਆ ਨਹੀਂ ਜਾਵੇਗਾ।