ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਇੱਥੇ ਅੱਜ ਦੇਰ ਸ਼ਾਮ ਦਿੱਲੀ ਤੇ ਆਸ-ਪਾਸ ਦੇ ਖੇਤਰਾਂ ਵਿੱਚ ਤੇਜ਼ ਮੀਂਹ ਪਿਆ ਤੇ ਆਪਣੇ ਕਾਰੋਬਾਰਾਂ, ਦਫ਼ਤਰਾਂ ਤੇ ਅਦਾਰਿਆਂ ਤੋਂ ਵਾਪਸ ਜਾ ਰਹੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਕਾਰਨ ਨੀਵੀਂਆਂ ਥਾਵਾਂ ’ਤੇ ਪਾਣੀ ਭਰ ਗਿਆ। ਆਈਟੀਓ, ਆਸ਼ਰਮ, ਇੰਟਰਸਟੇਟ ਬੱਸ ਟਰਮੀਨਸ ਦੇ ਇਲਾਕੇ ਵਿੱਚ ਆਵਾਜਾਈ ਦੀ ਰਫ਼ਤਾਰ ਸੁਸਤ ਹੋ ਗਈ। ਆਈਟੀਓ ਦੇ ਬਹਾਦਰਸ਼ਾਹ ਜ਼ਫ਼ਰ ਮਾਰਗ ਦੇ ਯੂਜੀਸੀ ਦੇ ਦਫ਼ਤਰ ਵਾਲੇ ਪਾਸੇ ਤੇ ਪੁਰਾਣੇ ਦਿੱਲੀ ਪੁਲੀਸ ਦਫ਼ਤਰ ਦੇ ਸਾਹਮਣੇ ਵਿਕਾਸ ਮਾਰਗ ’ਤੇ ਪਾਣੀ ਭਰ ਗਿਆ। ਆਸ-ਪਾਸ ਦੀਆਂ ਸੜਕਾਂ ਤੇ ਆਮਦਨ ਕਰ ਵਿਭਾਗ ਦੇ ਦਫ਼ਤਰ ਵਾਲੀਆਂ ਗਲੀਆਂ ਵਿੱਚ ਪਾਣੀ ਭਰਿਆ। ਅੱਜ ਸਾਰਾ ਦਿਨ ਸੂਰਜ ਚਮਕਦਾ ਰਿਹਾ ਪਰ ਸ਼ਾਮ ਨੂੰ ਕਾਲੇ ਬੱਦਲ ਅਸਮਾਨ ’ਤੇ ਛਾ ਗਏ। ਆਵਾਜਾਈ ਦੀ ਸੁਸਤ ਰਫ਼ਤਾਰ ਦਾ ਅਸਰ ਕਨਾਟ ਪਲੈਸ ਤੱਕ ਪਿਆ ਤੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ।