ਜਗਤਾਰ ਸਮਾਲਸਰ
ਏਲਨਾਬਾਦ, 5 ਸਤੰਬਰ
ਇਥੇ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਚੌਪਟਾ ਇਲਾਕੇ ਵਿੱਚੋਂ ਲੰਘਣ ਵਾਲੀ ਬਰੂਵਾਲੀ ਨਹਿਰ ਨਾਥੂਸਰੀ ਚੌਪਟਾ ਵਾਲੇ ਪਾਸੇ ਅਚਾਨਕ ਟੁੱਟ ਗਈ। ਨਹਿਰ ਵਿੱਚ ਕਰੀਬ 70 ਫੁੱਟ ਚੌੜਾ ਪਾੜ ਪੈ ਗਿਆ ਜਿਸ ਕਾਰਨ ਕਰੀਬ 50 ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਇਸਦੇ ਨਾਲ ਹੀ ਨਹਿਰ ਦੇ ਟੁੱਟਣ ਕਾਰਨ ਚੌਪਟਾ ਕਸਬਾ ਨਿਵਾਸੀਆਂ ਨੂੰ ਵੀ ਖ਼ਤਰਾ ਬਣ ਗਿਆ। ਕਸਬਾ ਵਾਸੀਆਂ ਨੇ ਇਸਦੀ ਸੂਚਨਾ ਸਿੰਜਾਈ ਵਿਭਾਗ ਨੂੰ ਦਿੱਤੀ ਤਾਂ ਵਿਭਾਗ ਵੱਲੋਂ ਨਹਿਰਾਣਾ ਹੈੱਡ ਤੋਂ ਨਹਿਰ ਨੂੰ ਬੰਦ ਕਰਵਾਇਆ ਗਿਆ ਜਿਸ ਨਾਲ ਪਾਣੀ ਦਾ ਵਹਾਅ ਘੱਟ ਗਿਆ। ਪਾਣੀ ਬੰਦ ਹੋਣ ਤੋਂ ਬਾਅਦ ਸਿੰਜਾਈ ਵਿਭਾਗ ਵੱਲੋਂ ਨਹਿਰ ਵਿੱਚ ਪਏ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ। ਕਿਸਾਨਾਂ ਪਵਨ ਕੁਮਾਰ, ਸੁਸ਼ੀਲ ਕੁਮਾਰ, ਸਤਵੀਰ ਸਿੰਘ, ਮਹਿੰਦਰ ਸਿੰਘ ਨੇ ਫ਼ਸਲਾਂ ਦੇ ਹੋਏ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤੇ ਜਾਣੀ ਮੰਗ ਕੀਤੀ ਹੈ। ਨਹਿਰ ਟੁੱਟਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ।
ਅਬੋਹਰ ਖੇਤਰ ਵਿਚ ਵੀ ਪਏ ਪਾੜ
ਬੱਲੂਆਣਾ (ਰਾਜਿੰਦਰ ਕੁਮਾਰ): ਭਾਰੀ ਮੀਂਹ ਕਾਰਨ ਅਬੋਹਰ ਬ੍ਰਾਂਚ ਵਿੱਚੋਂ ਨਿਕਲਦੀਆਂ ਇਲਾਕੇ ਦੀਆਂ ਚਾਰ ਨਹਿਰਾਂ ਵਿੱਚ ਪਾੜ ਪੈ ਗਿਆ। ਟੇਲਾਂ ’ਤੇ ਸਥਿਤ ਪਿੰਡ ਕੱਲਰਖੇੜਾ, ਉਸਮਾਨਖੇੜਾ ਅਤੇ ਦਲਮੀਰਖੇਡਾ ਲਾਗੇ ਰਾਤ 2 ਵਜੇ ਮਲੂਕਪੁਰ ਮਾਈਨਰ, ਸ਼ੇਰਗੜ੍ਹ ਲਾਗੇ ਰਾਮਸਰਾ ਮਾਈਨਰ ਅਤੇ ਸ਼ੇਰੇ ਵਾਲਾ ਪਿੰਡ ਵਿੱਚ ਲੰਬੀ ਮਾਈਨਰ ਵਿੱਚ ਪਾੜ ਪੈਣ ਤੋਂ ਬਾਅਦ ਕਿਸਾਨ ਪ੍ਰੇਸ਼ਾਨ ਹਨ। ਨਹਿਰੀ ਵਿਭਾਗ ਦੇ ਐਸਡੀਓ ਜਸਵਿੰਦਰ ਸਿੰਘ ਨੇ ਵਿਭਾਗ ਦੀ ਲਾਪਰਵਾਹੀ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਕੁਝ ਕਿਸਾਨਾਂ ਵੱਲੋਂ ਮੋਘੇ ਬੰਦ ਕਰਨ ਕਾਰਨ ਨਹਿਰਾਂ ਵਿੱਚ ਪਾੜ ਪਿਆ ਹੈ।