ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਸਤੰਬਰ
ਸਾਬਕਾ ਉਪ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ‘ਆਪ’ ਨੇਤਾ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇ ਭਾਰਤ 2047 ਤੱਕ ਵਿਕਸਿਤ ਦੇਸ਼ ਬਣਨਾ ਚਾਹੁੰਦਾ ਹੈ ਤਾਂ ਅਧਿਆਪਕ ਦੀ ਤਨਖਾਹ ਆਈਏਐਸ ਅਧਿਕਾਰੀ ਤੋਂ ਵੱਧ ਹੋਣੀ ਚਾਹੀਦੀ ਹੈ। ਅਧਿਆਪਕ ਦਿਵਸ ਦੇ ਮੌਕੇ ’ਤੇ ਦਿੱਲੀ ਐੱਮਸੀਡੀ ਵੱਲੋਂ ਕਰਵਾਏ ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਅੱਜ 2047 ਦੇ ਭਾਰਤ ਦੀ ਬਹੁਤ ਚਰਚਾ ਹੈ। ਉਨ੍ਹਾਂ ਆਖਿਆ ਕਿ ਅੱਜ ਇੱਥੇ ਜਿਹੜੇ ਅਧਿਆਪਕ ਬੈਠੇ ਹਨ, ਤੁਹਾਡੇ ਕੋਲ ਜੋ ਬੱਚੇ ਹਨ, ਉਹ 2047 ਲਈ ਬਹੁਤ ਮਹੱਤਵਪੂਰਨ ਹਨ। 2047 ਦਾ ਭਾਰਤ ਇਨ੍ਹਾਂ ਬੱਚਿਆਂ ਉੱਤੇ ਨਿਰਭਰ ਕਰਦਾ ਹੈ ਪਰ ਨੀਤੀ ਘਾੜਿਆਂ ਨੂੰ ਵੀ ਉਨ੍ਹਾਂ ਲਈ ਕੁਝ ਕਰਨਾ ਪਵੇਗਾ। ਇਸ ਦੌਰਾਨ ਹੋਣਹਾਰ ਅਤੇ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐੱਮਸੀਡੀ ਦੀ ਮੇਅਰ ਸ਼ੈਲੀ ਓਬਰਾਏ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।