ਅਵਨੀਤ ਕੌਰ
ਵਿਦੇਸ਼ ਵਿੱਚ ਦੋ ਸਾਲ ਦੀ ਪੜ੍ਹਾਈ ਪੂਰੀ ਹੋਣ ਉਪਰੰਤ ਦੀਦੀ ਵਾਪਸ ਆਈ। ਏਅਰਪੋਰਟ ਤੋਂ ਗੱਡੀ ਵਿੱਚ ਬੈਠਦਿਆਂ ਉਸਨੇ ਵਾਪਸੀ ਸਫ਼ਰ ਦੀ ਗਾਥਾ ਛੇੜ ਲਈ, ‘‘ਮੇਰਾ ਹਵਾਈ ਸਫ਼ਰ ਬਰਾਸਤਾ ਸ਼ਿਕਾਗੋ, ਮੁੰਬਈ ਸੀ। ਜਹਾਜ਼ ਵਿੱਚ ਬੈਠੇ ਸਾਰੇ ਯਾਤਰੀ ਮਸਰੂਫ ਸਨ। ਮੋਬਾਈਲ ਤੇ ਲੈਪਟਾਪ ਉੱਪਰ ਰੁੱਝੇ ਹੋਏ ਸਨ। ਜਹਾਜ਼ ਵਿੱਚ ਆਉਂਦੀ ਨਵੀਂ ਸੂਚਨਾ ਯਾਤਰੀਆਂ ਦਾ ਧਿਆਨ ਵੰਡਦੀ। ਸ਼ਿਕਾਗੋ ਤੋਂ ਬਦਲੀ ਫਲਾਈਟ ਵਿੱਚ ਮੇਰੀ ਮਗਰਲੀ ਸੀਟ ’ਤੇ ਇੱਕ ਬੀਬੀ ਆ ਬੈਠੀ। ਭਾਰਤੀ ਜਾਪਦੀ ਬੀਬੀ ਨੂੰ ਮੈਂ ਅਦਬ ਨਾਲ ਬੁਲਾਇਆ। ਉਸਨੇ ਮੁਸਕਰਾ ਕੇ ਜੁਆਬ ਦਿੱਤਾ। ਜਰਮਨੀ ਤਿੰਨ ਕੁ ਘੰਟਿਆਂ ਦਾ ਠਹਿਰਾਓ ਮਿਲਿਆ।’’
‘‘ਜਨਮ ਤੋਂ ਹੀ ਮਨੁੱਖ ਨੂੰ ਕੁਦਰਤ ਦਾ ਸਾਥ ਭਾਉਂਦਾ ਹੈ। ਫੁੱਲ-ਬੂਟੇ, ਬਗੀਚੀ ਤੇ ਬਾਗ ਸੁਫਨਿਆਂ ਨੂੰ ਜਗਾਉਂਦੇ ਹਨ। ਜ਼ਿੰਦਗੀ ਨੂੰ ਖ਼ੂਬਸੂਰਤੀ ਤੋਂ ਵਾਕਫ਼ ਕਰਵਾਉਂਦੇ ਹਨ। ਜੁਆਨ ਦਿਲਾਂ ਦੀ ਧੜਕਣ ਨੂੰ ਪਰਵਾਜ਼ ਦਿੰਦੇ ਹਨ। ਹਰ ਰਸਤੇ ’ਤੇ ਮਨੁੱਖ ਨੂੰ ਹੱਥੀਂ ਛਾਵਾਂ ਕਰਦੇ ਹਨ। ਮਨੁੱਖ ਦੀ ਕੁਦਰਤ ਨਾਲ ਸਾਂਝ ਦੀ ਝਲਕ ਅੱਜ ਵੀ ਵਿਕਸਤ ਮੁਲਕਾਂ ਦੀ ਪਛਾਣ ਹੈ। ਉਹ ਰੁੱਖਾਂ ਨਾਲ਼ ਜਿਊਂਦੇ ਸਾਥ ਨਿਭਾਉਂਦੇ ਹਨ। ਕੁਦਰਤ ਦਾ ਪਿਆਰ ਉਨ੍ਹਾਂ ਨੂੰ ਹਰ ਨਿਆਮਤ ਦਿੰਦਾ ਹੈ। ਸੁੰਦਰਤਾ, ਸਾਦਗੀ ਤੇ ਸਹਿਜਤਾ ਉਨ੍ਹਾਂ ਦੀ ਸ਼ਖਸ਼ੀਅਤ ਦਾ ਅੰਗ ਬਣਦੀ ਹੈ। ਮੇਰੀ ਸੋਚ ਦੇ ਵਹਿਣ ਨੂੰ ਉਸ ਬੀਬੀ ਨੇ ਆ ਰੋਕਿਆ। ਮੇਰੇ ਬਾਰੇ ਜਾਣ ਕੇ ਉਹ ਆਪਣੇ ਬਾਰੇ ਦੱਸਣ ਲੱਗੀ। ਗੱਲਾਂ ਵਿੱਚ ਲੱਗਿਆਂ ਠਹਿਰਾਓ ਦਾ ਵਕਤ ਪਲਾਂ ਵਿੱਚ ਗੁਜ਼ਰ ਗਿਆ। ਅਸੀਂ ਮੁੰਬਈ ਵਾਲੀ ਫਲਾਈਟ ਵਿੱਚ ਜਾ ਸਵਾਰ ਹੋਈਆਂ।’’
‘‘ਬੀਬੀ ਦੀ ਸੀਟ ਮੈਥੋਂ ਪਿੱਛੇ ਤੀਸਰੀ ਕਤਾਰ ਵਿੱਚ ਸੀ। ਜਦ ਵੀ ਮੇਰਾ ਧਿਆਨ ਉਸ ਵੱਲ ਜਾਂਦਾ ਉਹ ਮੇਰੇ ਵੱਲ ਤਕਦੀ ਨਜ਼ਰ ਆਉਂਦੀ। ਮਨੁੱਖੀ ਸਾਂਝ ਦੀ ਕਿੰਨੀ ਅਹਿਮੀਅਤ ਹੈ। ਜਿਸਦੇ ਅਹਿਸਾਸਾਂ ਰੂਪੀ ਕਿਣਕੇ ਮਨ ਨੂੰ ਖੁਸ਼ੀ ਦਾ ਹੁਲਾਰਾ ਦਿੰਦੇ ਹਨ। ਜਰਮਨੀ ਦੇ ਹਵਾਈ ਅੱਡੇ ’ਤੇ ਉਹ ਬੀਬੀ ਮੇਰੇ ਨਾਲ ਘੁਲ-ਮਿਲ ਗਈ। ਆਪਣੇ ਅਮਰੀਕਾ ਰਹਿੰਦੇ ਪੁੱਤ-ਨੂੰਹ ਕੋਲੋਂ ਆਪਣੇ ਪ੍ਰਾਂਤ ਕੇਰਲਾ ਪਰਤ ਰਹੀ ਸੀ। ਕਿੱਤੇ ਵਜੋਂ ਅਧਿਆਪਕਾ ਸੀ। ਆਪਣੇ ਪ੍ਰਾਂਤ ਦੀ ਉੱਤਮ ਸਾਖਰਤਾ ਦਰ ’ਤੇ ਰਸ਼ਕ ਕਰਦੀ ਰਹੀ। ਅਮਰੀਕਾ ਵੱਸੇ ਹੋਏ ਆਪਣੇ ਨੂੰਹ ਪੁੱਤ ਦੇ ਸੁਖ ਖੁਸ਼ਹਾਲ ਜੀਵਨ ਦੀ ਖੁਸ਼ੀ ਉਸਦੇ ਚਿਹਰੇ ਦਾ ਨੂਰ ਬਣੀ ਹੋਈ ਸੀ।’’
‘‘ਉਸਦੀ ਖੁਸ਼ੀ ਮੈਨੂੰ ਆਪਣੇ ਪਿੰਡ ਵਾਲੇ ਛੋਟੇ ਘਰ ਦੇ ਵਿਹੜੇ ਲੈ ਗਈ। ਕਾਲਜ ਵਿੱਚੋਂ ਦੋ ਚਾਰ ਛੁੱਟੀਆਂ ਮਿਲਣ ’ਤੇ ਜਦ ਪਿੰਡ ਪਰਤਣਾ ਤਾਂ ਦਾਦੀ ਮਾਂ ਨੇ ਚਾਅ ਮਲਾਰ ਨਾਲ ਕਲਾਵੇ ਵਿੱਚ ਲੈਣਾ। ਉਸ ਦੀਆਂ ਗੱਲਾਂ ਵਿੱਚੋਂ ਜੀਵਨ ਤਜਰਬੇ ਦੀ ਝਲਕ ਆਉਂਦੀ। ਉਹ ਆਖਦੀ, ‘ਪੁੱਤ! ਪੜ੍ਹਾਈ ਵਿੱਚ ਕੀਤੀ ਮਿਹਨਤ ਕਦੇ ਅਜਾਈਂ ਨੀ ਜਾਂਦੀ। ਪੜ੍ਹਾਈ ਜੀਵਨ ਨੂੰ ਸੰਵਾਰ ਦਿੰਦੀ ਐ। ਪੜ੍ਹ ਲਿਖ ਕੇ ਮੰਜ਼ਿਲ ਦਾ ਰਾਹ ਸੁਖਾਲਾ ਹੁੰਦਾ। ਮੰਜ਼ਿਲ ਮਿਲੇ ਤਾਂ ਖ਼ੁਸ਼ੀ ਖੇੜੇ ਦਾ ਦੁਆਰ ਖੁੱਲ੍ਹ ਜਾਂਦੈ। ਅਸੀਂ ਦਸਾਂ ਨਹੁੰਆਂ ਦੀ ਕਿਰਤ ਨਾਲ ਪਰਿਵਾਰ ਨੂੰ ਪੈਰਾਂ ਸਿਰ ਕੀਤਾ। ਤੇਰੇ ਪਾਪਾ ਨੂੰ ਪੜ੍ਹਾ ਲਿਖਾ ਨੌਕਰੀ ’ਤੇ ਪੁਜਦਾ ਕੀਤਾ। ਹੁਣ ਤੁਸੀਂ ਮਿਹਨਤ ਨਾਲ ਪੜ੍ਹ ਲਿਖ ਉੱਚੇ ਅਹੁਦਿਆਂ ਤੇ ਪਹੁੰਚਣਾ ਪਰ ਇੱਕ ਗੱਲ ਜ਼ਿੰਦਗੀ ਦੇ ਲੜ੍ਹ ਬੰਨ੍ਹ ਕੇ ਰੱਖਣਾ ਕਿ ਕਦੇ ਆਪਣਾ ਪਿਛੋਕੜ ਨੀ ਭੁੱਲਣਾ। ਨਾ ਹੀ ਕਦੇ ਪੈਰ ਛੱਡ ਕੇ ਹਉਮੈਂ ਦੇ ਖੰਭਾਂ ’ਤੇ ਸਵਾਰ ਹੋਣਾ। ਆਪਣੀ ਧਰਤੀ, ਮਾਪਿਆਂ ਤੇ ਵਿਰਸੇ ਨੂੰ ਨਾ ਭੁੱਲਣ ਵਾਲੇ ਦੂਸਰਿਆਂ ਲਈ ਰਾਹ ਬਣਾਇਆ ਕਰਦੇ ਨੇ’।’’
‘‘ਜਹਾਜ਼ ਵਿੱਚ ਖਾਣੇ ਦਾ ਵਕਤ ਹੋਇਆ। ਆਪੋ ਆਪਣੀ ਪਸੰਦ ਦਾ ਖਾਣਾ ਯਾਤਰੀਆਂ ਨੂੰ ਪਰੋਸਿਆ ਜਾਣ ਲੱਗਾ। ਆਪੋ ਆਪਣੀ ਸੀਟ ’ਤੇ ਚੁੱਪਚਾਪ ਖਾਣਾ ਖਾਂਦੇ ਯਾਤਰੀ। ਉੱਚ ਅਸਮਾਨੀ ਹਵਾ ਨਾਲ ਗੱਲਾਂ ਕਰਦਾ ਜਹਾਜ਼ ਮੈਨੂੰ ਆਪਣੇ ਪੇਂਡੂ ਸਕੂਲ ਲੈ ਗਿਆ। ਅੱਧੀ ਛੁੱਟੀ ਦੀ ਘੰਟੀ ਵੱਜਣ ਸਾਰ ਮਿਲਦਾ ਮਿੱਡ-ਡੇਅ ਮੀਲ। ਸਾਫ਼ ਸੁਥਰੇ ਸਟੀਲ ਦੇ ਥਾਲਾਂ ਵਿੱਚ ਬੀਬੀਆਂ ਪਿਆਰ ਨਾਲ ਖਾਣਾ ਵਰਤਾਉਂਦੀਆਂ। ਦੋ ਅਧਿਆਪਕ ਦੇਖ ਰੇਖ ’ਤੇ ਖੜ੍ਹੇ ਹੁੰਦੇ। ਖਾਣਾ ਖਾ ਅਸੀਂ ਬੀਬੀਆਂ ਨੂੰ ਨਮਨ ਕਰਦੇ ਕਲਾਸਾਂ ਨੂੰ ਪਰਤਦੇ। ਜਹਾਜ਼ ਵਿਚਲਾ ਲਜ਼ੀਜ਼ ਖਾਣਾ ਸਕੂਲ ਦੇ ਖਾਣੇ ਦੀ ਯਾਦ ਦਿਵਾ ਗਿਆ। ਦੇਰ ਰਾਤ ਤੱਕ ਜਹਾਜ਼ ਮੁੰਬਈ ਉੱਤਰਿਆ। ਕੇਰਲਾ ਵਾਲੀ ਬੀਬੀ ਦੇ ਵਿਛੜਨ ਦਾ ਵਕਤ ਸੀ। ਉਸਨੇ ਇੱਥੋਂ ਕੇਰਲਾ ਦਾ ਜਹਾਜ਼ ਚੜ੍ਹਨਾ ਸੀ ਤੇ ਮੈਂ ਆਪਣੇ ਪੰਜਾਬ ਵਾਲਾ। ਫਲਾਈਟ ਵਿੱਚ ਰਹਿੰਦੇ ਕੁਝ ਘੰਟੇ ਅਸੀਂ ਇਕੱਠਿਆਂ ਬਿਤਾਏ। ਬੀਬੀ ਦੇ ਵਰਤ ਵਿਹਾਰ ਵਿੱਚ ਮੋਹ ਮਮਤਾ ਦੀ ਸਿਖ਼ਰ ਸੀ। ਵਿਦਾਈ ਵਕਤ ਉਸ ਮੈਨੂੰ ਆਪਣਾ ਪਤਾ ਦਿੰਦਿਆਂ ਮਿਲਦੇ ਰਹਿਣ ਦੀ ਤਾਕੀਦ ਕੀਤੀ। ਮਾਂ ਵਾਂਗ ਮੇਰਾ ਸਿਰ ਪਲੋਸਦਿਆਂ ਆਸ਼ੀਰਵਾਦ ਦਿੱਤਾ। ਆਪਣੀ ਅੰਮ੍ਰਿਤਸਰ ਵਾਲੀ ਫਲਾਈਟ ਵਿੱਚ ਬੈਠਿਆਂ ਮੈਨੂੰ ਬੱਦਲਾਂ ਦੇ ਧੁੰਦਲੇ ਅਕਸ ਵਿੱਚੋਂ ਕੇਰਲਾ ਵਾਲੀ ਬੀਬੀ ਦਾ ਧੁੰਦਲਾ ਅਕਸ ਨਜ਼ਰ ਆਉਂਦਾ ਰਿਹਾ।’’
‘‘ਤੈਨੂੰ ਪਤਾ, ਦੋ ਸਾਲਾਂ ਤੋਂ ਮੰਮਾ ਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਧਾ। ਮਾਮੇ, ਮਾਸੀ, ਭੂਆ, ਤਾਈ ਜਿਹੇ ਮਿੱਠੇ ਸ਼ਬਦ ਜ਼ੁਬਾਨ ਤੋਂ ਵਿਸਰ ਗਏ ਸਨ। ਰਿਸ਼ਤਿਆਂ ਦੀ ਛਾਂ ਹੇਠ ਬੈਠ ਖੁਸ਼ੀ ਮਾਨਣ ਦੇ ਪਲ ਜ਼ਿੰਦਗੀ ਦੀ ਬੁੱਕਲ ਵਿੱਚੋਂ ਕਿਰ ਗਏ ਜਾਪਦੇ ਸਨ। ਜ਼ਿੰਦਗੀ ਦੀ ਸਵੇਰ ਪੜ੍ਹਾਈ ਅਤੇ ਕੰਮ ’ਤੇ ਰੁਕ ਗਈ ਜਾਪਦੀ ਸੀ। ਸੁੰਦਰ ਸਾਫ਼ ਸੁਥਰੇ ਸਹੂਲਤਾਂ ਭਰੇ ਕਮਰਿਆਂ ਵਿੱਚ ਨਜ਼ਰਾਂ ਅਪਣੱਤ ਤਲਾਸ਼ਦੀਆਂ ਰਹਿੰਦੀਆਂ। ਪੜ੍ਹਾਈ ਦੇ ਨਾਲ ਨਾਲ ਕੰਮ ਦੀ ਭਾਲ ਵਿੱਚ ਰਹਿੰਦੇ ਵਿਦਿਆਰਥੀਆਂ ਦੀ ਮਾਨਸਿਕ ਹਾਲਤ ਬੇਚੈਨ ਕਰਦੀ। ਘਰ ਪਰਤ ਕੇ ਹੁਣ ਮਨ ਨੂੰ ਇਸ ਗੱਲੋਂ ਸਕੂਨ ਹੈ ਕਿ ਮਹੀਨਾ ਭਰ ਪੰਜਾਬ ਦੀ ਧਰਤੀ, ਮਾਪਿਆਂ, ਭੂਆ, ਮਾਸੀਆਂ, ਮਾਮੀਆਂ ਦੇ ਪਿਆਰ ਦੁਲਾਰ ਵਿੱਚ ਬਤੀਤ ਕਰਾਂਗੀ।’’ ਦੀਦੀ ਦੀ ਗਾਥਾ ਸੁਣ ਮੇਰਾ ਦਿਲ ਜੀਵਨ ਵਿੱਚ ਸਮੋਏ ਸਾਝਾਂ ਤੇ ਰਿਸ਼ਤਿਆਂ ਦੇ ਗੁਬੰਦ ਨੂੰ ਨਿਹਾਰਨ ਲੱਗਿਆ ਜਿਸ ’ਤੇ ਅਪਣੱਤ ਦੀ ਇਬਾਰਤ ਉੱਕਰੀ ਹੋਈ ਹੈ।
ਸੰਪਰਕ: salamzindgi88@gmail.com