ਪੱਤਰ ਪ੍ਰੇਰਕ
ਅੰਮ੍ਰਿਤਸਰ, 6 ਸਤੰਬਰ
ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਨਾਲ ਸਬੰਧਤ ਅਧਿਆਪਕਾਂ ਨਾਲ ਕਥਿਤ ਤੌਰ ’ਤੇ ਲਗਾਤਾਰ ਵਿਤਕਰਾ ਕੀਤੇ ਜਾਣ ਖ਼ਿਲਾਫ ਅੱਜ ਇੱਥੇ ਰੋਸ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।
ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਪ੍ਰਧਾਨ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਇਸ ਸਾਲ ਦੇ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਲਈ 2016 ਵਿੱਚ ਲਾਗੂ ਕੀਤੇ ਸੱਤਵੇਂ ਪੇਅ ਕਮਿਸ਼ਨ ਨੂੰ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਛੇ ਸਾਲ ਪ੍ਰਵਾਨ ਹੀ ਨਹੀਂ ਕੀਤਾ। ਜੇਕਰ ਹੁਣ ਪੰਜਾਬ ਦੀ ਨਵੀਂ ਸਰਕਾਰ ਨੇ ਵਿਧਾਨ ਸਭਾ ਵਿੱਚੋਂ ਨਵਾਂ ਪੇਅ-ਕਮਿਸ਼ਨ ਪਾਸ ਕੀਤਾ ਤਾਂ ਨੋਟੀਫੀਕੇਸ਼ਨ ਨੂੰ ਇਕ ਸਾਲ ਲਾ ਦਿੱਤਾ। ਹੁਣ ਸਤੰਬਰ 2022 ਤੋਂ ਨਵੇਂ ਪੇਅ-ਗਰੇਡ ਅਨੁਸਾਰ ਮਿਲਣ ਵਾਲੀ ਤਨਖਾਹ ਨੂੰ ਅਧਿਆਪਕ ਅਜੇ ਵੀ ਉਡੀਕ ਰਹੇ ਹਨ।
ਯੂਨੀਅਨ ਦੇ ਸਕੱਤਰ ਡਾ. ਹੀਰਾ ਸਿੰਘ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਵੱਲੋਂ ਹਰੇਕ ਕਾਲਜ ਵਿੱਚ ਅਧਿਆਪਕ ਦਿਵਸ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਸੱਦਾ ਦਿੱਤਾ ਗਿਆ ਸੀ, ਜਿਸ ਅਨੁਸਾਰ ਖ਼ਾਲਸਾ ਕਾਲਜ ਅਧਿਆਪਕ ਯੂਨੀਅਨ ਦੇ ਸਾਰੇ ਮੈਂਬਰਾਂ ਨੇ ਰੋਸ ਧਰਨਾ ਦਿੱਤਾ।