ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਸਤਬੰਰ
ਪਟਿਆਲਾ ਦੇ ਨਵੇਂ ਆਏ ਐੱਸਐਸਪੀ ਨਾਨਕ ਸਿੰਘ ਦੇ ਆਦੇਸ਼ਾਂ ’ਤੇ ਘਨੌਰ ਸਰਕਲ ’ਚ ਦੋ ਥਾਣਾ ਮੁਖੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਜਿਸ ਤਹਿਤ ਥਾਣਾ ਘਨੌਰ ਦੇ ਐੱਸਐੱਚਓ ਜਸਪ੍ਰੀਤ ਸਿੰਘ ਨੂੰ ਇਥੋਂ ਬਦਲ ਕੇ ਪੁਲੀਸ ਲਾਈਨ ਪਟਿਆਲਾ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸਾਹਿਬ ਸਿੰਘ ਵਿਰਕ ਨੂੰ ਥਾਣਾ ਘਨੌਰ ਦਾ ਐੱਸਐੱਚਓ ਲਾਇਆ ਗਿਆ ਹੈ। ਜਿਨ੍ਹਾਂ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਦੀ ਥਾਂ ਹੁਣ ਅਮਨਦੀਪ ਸਿੰਘ ਬਰਾੜ ਨੂੰ ਖੇੜੀਗੰਡਿਆਂ ਥਾਣੇ ਦਾ ਐੱਸਐੱਚਓ ਲਾਇਆ ਗਿਆ ਹੈ। ਥਾਣਾ ਸਿਟੀ ਰਾਜਪੁਰਾ ਦੇ ਐੱਸਐੱਚਓ ਦੀ ਜ਼ਿੰਮੇਵਾਰੀ ਹੁਣ ਇੰਸਪੈਕਟਰ ਬਲਵਿੰਦਰ ਸਿੰਘ ਨਿਭਾਉਣਗੇ। ਇਸੇ ਤਰ੍ਹਾਂ ਥਾਣਾ ਸ਼ੰਭੂ ਵਿੱਚ ਪਿਛਲੇ ਸਮੇਂ ਤੋਂ ਥਾਣਾ ਮੁਖੀ ਵਜੋਂ ਤਾਇਨਾਤ ਰਹੇ ਇੰਸਪੈਕਟਰ ਅਮਨਪਾਲ ਸਿੰਘ ਵਿਰਕ ਨੂੰ ਪਟਿਆਲਾ ਬਦਲਦਿਆਂ, ਉਨ੍ਹਾਂ ਦੀ ਥਾਂ ਹਰਪ੍ਰੀਤ ਸਿੰਘ ਨੂੰ ਸ਼ੰਭੂ ਥਾਣੇ ਦਾ ਨਵਾਂ ਮੁਖੀ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਥਾਣਾ ਸਦਰ ਪਟਿਆਲਾ ਦੇ ਅਧੀਨ ਪੈਂਦੀ ਪੁਲੀਸ ਚੌਕੀ ਭੁਨਰਹੇੜੀ ਦੇ ਇੰਚਾਰਜ ਰਹੇ ਮਨਜੀਤ ਸਿੰਘ ਨੂੰ ਰਾਜਪੁਰਾ ਵਿੱਚ ਟਰੈਫਿਕ ਵਿੰਗ ਦਾ ਇੰਚਾਰਜ ਲਾ ਦਿੱਤਾ ਗਿਆ ਹੈ। ਜਿਨ੍ਹਾਂ ਦੀ ਥਾਂ ਹਰਸ਼ਰਨਵੀਰ ਸਿੰਘ ਨੂੰ ਪੁਲੀਸ ਚੌਕੀ ਭੁਨਰਹੇੜੀ ਦੇ ਇੰਚਾਰਜ ਵਜੋਂ ਤਾਇਨਾਤ ਕਰ ਦਿਤਾ ਗਿਆ ਹੈ।