ਨਵੀਂ ਦਿੱਲੀ, 6 ਸਤੰਬਰ
ਕੇਂਦਰੀ ਸਿਹਤ ਮੰਤਰਾਲੇ ਨੇ ਟੀਬੀ ਦੇ ਖਾਤਮੇ ਲਈ ਆਪਣੇ ਕੌਮੀ ਪ੍ਰੋਗਰਾਮ (ਐੱਨਟੀਈਪੀ) ਤਹਿਤ ਇਲਾਜ ਦੀ ਨਵੀਂ ਵਿਧੀ ਬੀਪੀਏਐੱਲਐੱਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਇਲਾਜ ਵਿਧੀ ਨਾਲ ਡਰੱਗ-ਰਜ਼ਿਸਟੈਂਟ ਟੀਬੀ ਹੁਣ 20 ਮਹੀਨਿਆਂ ਦੀ ਥਾਂ 6 ਮਹੀਨਿਆਂ ਦੇ ਇਲਾਜ ਨਾਲ ਠੀਕ ਹੋ ਜਾਵੇਗੀ। ਮਲਟੀ ਡਰੱਗ ਰਜ਼ਿਸਟੈਂਟ ਟਿਊਬਰਕਲੋਸਿਸ (ਐੱਮਡੀਆਰ-ਟੀਬੀ) ਲਈ ਇਹ ਬਹੁਤ ਕਾਰਗਰ ਤੇ ਸੰਖੇਪ ਇਲਾਜ ਦਾ ਬਦਲ ਹੈ। ਮੰਤਰਾਲੇ ਨੇ ਬਿਆਨ ਵਿਚ ਕਿਹਾ ਕਿ ਇਸ ਵਿਧੀ ਵਿਚ ਨਵੀਂ ਐਂਟੀ-ਟੀਬੀ ਡਰੱਗ, ਜਿਸ ਦਾ ਨਾਮ ਪ੍ਰੀਟੋਮੈਨਿਡ ਹੈ, ਸ਼ਾਮਲ ਹੈ ਤੇ ਜੋ ਬੈਡਾਕਿਊਈਲਾਈਨ ਤੇ ਲਿਨੇਜ਼ੋਲਿਡ (ਮੌਕਸੀਫਲੌਕਸਿਨ ਦੇ ਨਾਲ ਜਾਂ ਉਸ ਤੋਂ ਬਗੈਰ) ਦਾ ਸੁਮੇਲ ਹੈ। ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਪ੍ਰੀਟੋਮੈਨਿਡ ਨੂੰ ਪਹਿਲਾਂ ਹੀ ਪ੍ਰਵਾਨਗੀ ਅਤੇ ਭਾਰਤ ਵਿਚ ਵਰਤੋਂ ਲਈ ਲਾਇਸੈਂਸ ਦੇ ਚੁੱਕੀ ਹੈ। -ਪੀਟੀਆਈ