ਪੱਤਰ ਪ੍ਰੇਰਕ
ਜਗਰਾਉਂ 6 ਸਤੰਬਰ
ਪਿੰਡ ਲੰਮੇ ਜੱਟਪੁਰਾ ਤੋਂ ਮਾਣੂੰਕੇ ਨੂੰ ਜਾਣ ਵਾਲੀ ਸੜਕ ’ਤੇ ਲੰਘੀ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਟੱਕਰ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ’ਚ ਰਾਤ ਦੀ ਡਿਊਟੀ ’ਤੇ ਤਾਇਨਾਤ ਡਾ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਕੁੱਝ ਲੋਕ ਰਾਤ ਨੂੰ ਉਨ੍ਹਾਂ ਕੋਲ ਹਸਪਤਾਲ ਐਮਰਜੈਂਸੀ ਵਾਰਡ ’ਚ ਦੋ ਗੰਭੀਰ ਜ਼ਖ਼ਮੀ ਨੌਜਵਾਨਾਂ ਨੂੰ ਲੈ ਕੇ ਆਏ। ਡਾਕਟਰਾਂ ਨੇ ਜ਼ਖਮੀਆਂ ਦੀ ਜਾਂਚ ਕੀਤੀ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾਂ ਦੀ ਪਛਾਣ ਪਿੰਡ ਮਾਣੂੰਕੇ ਵਾਸੀ ਅਮਨਦੀਪ ਸਿੰਘ ਅਤੇ ਲੰਮੇ ਜੱਟਪੁਰਾ ਵਾਸੀ ਕਮਲਜੀਤ ਸਿੰਘ ਵਜੋਂ ਹੋਈ ਹੈ।