ਰਾਜਨ ਮਾਨ
ਮਜੀਠਾ, 6 ਸਤੰਬਰ
ਦੁਬਈ ਵਿੱਚ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਫ਼ੌਤ ਹੋਏ ਪਿੰਡ ਸ਼ਾਮ ਨਗਰ ਦੇ ਨੌਜਵਾਨ ਪਲਵਿੰਦਰ ਸਿੰਘ (22) ਦੀ ਦੇਹ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਯਤਨ ਸਦਕਾ ਦੇਸ਼ ਲਿਆਂਦੀ ਗਈ। ਟਰੱਸਟ ਦੇ ਮੈਂਬਰਾਂ ਨੇ ਦੇਹ ਪੀੜਤ ਪਰਿਵਾਰ ਨੂੰ ਸੌਂਪ ਦਿੱਤੀ ਹੈ। ਡਾ. ਐੱਸਪੀ ਸਿੰਘ ਓਬਰਾਏ ਨੇ ਦੱਸਿਆ ਕਿ ਪਲਵਿੰਦਰ ਸਿੰਘ ਦੋ ਮਹੀਨੇ ਪਹਿਲਾਂ ਬਿਹਤਰ ਭਵਿੱਖ ਲਈ ਦੁਬਈ ਆਇਆ ਸੀ, ਜਿੱਥੇ 24 ਅਗਸਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਉਨ੍ਹਾਂ ਨੂੰ ਭਾਰਤੀ ਦੂਤਾਵਾਸ ਵੱਲੋਂ ਜਾਣਕਾਰੀ ਦਿੱਤੀ ਗਈ ਸੀ। ਉਨ੍ਹਾਂ ਆਪਣੀ ਅੰਮ੍ਰਿਤਸਰ ਦੀ ਟੀਮ ਨੂੰ ਪੀੜਤ ਪਰਿਵਾਰ ਕੋਲ ਭੇਜ ਕੇ ਉਨ੍ਹਾਂ ਨੂੰ ਦੇਹ ਭਾਰਤ ਲਿਆਉਣ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਲਈ। ਮਗਰੋਂ ਦੁਬਈ ਵਿਚਲੀ ਟੀਮ ਰਾਹੀਂ ਦੁਬਈ ਸਥਿਤ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਦੇਹ ਭਾਰਤ ਭੇਜ ਦਿੱਤੀ। ਇਸ ਸਬੰਧੀ ਖਰਚਾ ਪਲਵਿੰਦਰ ਦੀ ਕੰਮ ਵਾਲੀ ਕੰਪਨੀ ਵੱਲੋਂ ਕੀਤਾ ਗਿਆ ਹੈ। ਪਲਵਿੰਦਰ ਦੀ ਦੇਹ ਲੈਣ ਪਹੁੰਚੇ ਉਸ ਦੇ ਚਾਚਾ ਸਾਹਿਲ ਮੱਟੂ ਨੇ ਦੱਸਿਆ ਕਿ ਪਲਵਿੰਦਰ ਸਿੰਘ ਆਪਣੇ ਘਰ ਦੀ ਗੁਰਬਤ ਦੂਰ ਕਰਨ ਲਈ ਦੁਬਈ ਗਿਆ ਸੀ ਪਰ ਉਸ ਦੇ ਚਲੇ ਜਾਣ ਨਾਲ ਉਸ ਦਾ ਪਰਿਵਾਰ ਹੋਰ ਗੁਰਬਤ ਵਿੱਚ ਡੁੱਬ ਗਿਆ ਹੈ।