ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਸਤੰਬਰ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਡਾਕਟਰਾਂ ਦੇ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣ ਤੋਂ ਪਹਿਲਾਂ ਉਨ੍ਹਾਂ ਦੀਆਂ ਸ਼ਿਕਾਇਤਾਂ ਹੱਲ ਕਰੇ ਤਾਂ ਕਿ ਸੂਬੇ ਦੀਆਂ ਸਿਹਤ ਸੇਵਾਵਾਂ ਸੁਚਾਰੂ ਢੰਗ ਨਾਲ ਚੱਲਦੀਆਂ ਰਹਿਣ। ਜ਼ਿਕਰਯੋਗ ਹੈ ਕਿ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀਸੀਐੱਮਐੱਸਏ) ਦੇ ਬੈਨਰ ਹੇਠ ਸਰਕਾਰੀ ਡਾਕਟਰ 9 ਸਤੰਬਰ ਨੂੰ ਹੜਤਾਲ ’ਤੇ ਜਾ ਰਹੇ ਹਨ। ਡਾਕਟਰਾਂ ਦੇ ਅਣਸੁਲਝੇ ਮੁੱਦਿਆਂ ਵਿੱਚ ਉਨ੍ਹਾਂ ਦੀ ਰੁਕੀ ਹੋਈ ਤਰੱਕੀ, ਛੇਵੇਂ ਸੀਪੀਸੀ ਦੇ ਬਕਾਏ ਅਤੇ ਕੰਮ ਵਾਲੀ ਥਾਂ ’ਤੇ ਸੁਰੱਖਿਆ ਸਮੇਤ ਹੋਰ ਮੰਗਾਂ ਸ਼ਾਮਲ ਹਨ। ਇਸ ਵੇਲੇ ਸਰਕਾਰੀ ਖੇਤਰ ਵਿੱਚ ਡਾਕਟਰਾਂ ਅਤੇ ਸਟਾਫ਼ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਜੇ ਡਾਕਟਰ ਹੜਤਾਲ ’ਤੇ ਜਾਂਦੇ ਹਨ ਤਾਂ ਗ਼ਰੀਬ ਲੋਕਾਂ ਨੂੰ ਕਾਫੀ ਨੁਕਸਾਨ ਹੋਵੇਗਾ।