ਇਕਬਾਲ ਸਿੰਘ ਸ਼ਾਂਤ
ਡੱਬਵਾਲੀ , 6 ਸਤੰਬਰ
ਡੱਬਵਾਲੀ ਤੋਂ ਭਾਜਪਾ ਦੀ ਟਿਕਟ ਕੱਟੇ ਜਾਣੇ ਕੱਟ ਮਗਰੋਂ ਬਾਗੀ ਹੋਏ ਤਾਊ ਦੇਵੀ ਲਾਲ ਦੇ ਪੋਤਰੇ ਅਦਿੱਤਿਅ ਚੌਟਾਲਾ ਅਗਲੀ ਰਾਹ ਨੂੰ ਤੁਰ ਪਏ ਹਨ। ਉਨ੍ਹਾਂ ਦੇ ਪ੍ਰਚਾਰ ਮਾਧਿਅਮਾਂ ਤੋਂ ਭਾਜਪਾ ਦਾ ਚੋਣ ਨਿਸ਼ਾਨ ‘ਕਮਲ’ ਗਾਇਬ ਹੋ ਗਿਆ ਹੈ। ਉਨ੍ਹਾਂ ਅਗਾਮੀ ਸਿਆਸੀ ਫ਼ੈਸਲੇ ਲਈ ਆਪਣੇ ਸਮਰਥਕਾਂ ਦਾ ਸੰਮੇਲਨ 8 ਸਤੰਬਰ ਨੂੰ ਪਿੰਡ ਚੌਟਾਲਾ ਵਿੱਚ ਸੱਦ ਲਿਆ ਹੈ। ਉਹ ਡੱਬਵਾਲੀ ਹਲਕੇ ਦੇ ਪਿੰਡਾਂ ਵਿੱਚ ਆਪਣੇ ਸਮਰਥਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਪਣੇ ਨਾਲ ਚੱਲਣ ਦਾ ਸੱਦਾ ਦੇ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਭਾਜਪਾ ਤੋਂ ਨਾਤਾ ਤੋੜਨ ਦਾ ਅਖ਼ੀਰਲਾ ਧਾਗਾ ਅੱਧ-ਵਿਚਕਾਰ ਲਟਕ ਰਿਹਾ ਹੈ। ਸੂਤਰਾਂ ਮੁਤਾਬਕ ਬੀਤੀ ਦਿਨ ਅਦਿੱਤਿਆ ਚੌਟਾਲਾ ਦੀ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨਾਲ ਮੁਲਾਕਾਤ ਹੋ ਚੁੱਕੀ ਹੈ। ਸਿਆਸੀ ਫਿਜ਼ਾ ‘ਚ ਚਰਚਾ ਹੈ ਕਿ ਅਦਿੱਤਿਆ ਚੌਟਾਲਾ ਉਨ੍ਹਾਂ ਦੇ ਤਾਊ ਅਤੇ ਸਾਬਕਾ ਮੁੱਖ ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਦੀ ਚਸ਼ਮਾ ਪਹਿਨ ਸੱਕਦੇ ਹਨ। ਜਜਪਾ ਉਮੀਦਵਾਰ ਦਿਗਵਿਜੇ ਚੌਟਾਲਾ ਨੇ ਚੋਣ ਪ੍ਰਚਾਰ ਦੇ ਦੌਰਾਨ ਔਢਾਂ ਜਨਸਭਾ ਵਿੱਚ ਖੁੱਲ੍ਹੇ ਤੌਰ ’ਤੇ ਕਿਹਾ ਕਿ ਜੇਕਰ ਉਨ੍ਹਾਂ ਦੇ ਦਾਦਾ ਓਮ ਪ੍ਰਕਾਸ਼ ਚੌਟਾਲਾ ਚੋਣ ਮੈਦਾਨ ਵਿੱਚ ਉਤਰਦੇ ਹਨ ਤਾਂ ਉਹ (ਦਿਗਵਿਜੇ) ਡੱਬਵਾਲੀ ਤੋਂ ਚੋਣ ਨਹੀਂ ਲੜਣਗੇ। ਉਹ ਆਪਣਾ ਨਾਮਜ਼ਦਗੀ ਕਾਗਜ਼ ਉਸੇ ਦਿਨ ਵਾਪਸ ਲੈ ਲੈਣਗੇ।
ਦੂਜੇ ਦਿਨ ਇਕ ਨਾਮਜ਼ਦਗੀ ਭਰੀ
ਸਿਰਸਾ (ਪ੍ਰਭੂ ਦਿਆਲ): ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿੱਚ ਇਕ ਉਮੀਵਾਰ ਨੇ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਹੈ। ਨਾਮਜ਼ਦਗੀ ਦੇ ਦੂਜੇ ਦਿਨ ਇੰਡੀਅਨ ਨੈਸ਼ਨਲ ਲੋਕ ਦਲ ਦੇ ਅਰਜੁਨ ਚੌਟਾਲਾ ਨੇ ਰਾਣੀਆਂ ਵਿਧਾਨ ਸਭਾ ਹਲਕੇ ਲਈ ਨਾਮਜ਼ਦਗੀ ਦਾਖਲ ਕੀਤਾ ਹੈ।