ਜਗਤਾਰ ਸਮਾਲਸਰ
ਏਲਨਾਬਾਦ, 6 ਸਤੰਬਰ
ਗੁਆਰੇ ਦੀ ਫ਼ਸਲ ਨੂੰ ਫ਼ਲ ਨਾ ਲੱਗਣ ਕਾਰਨ ਪਿੰਡ ਜਮਾਲ ਵਿੱਚ ਕਿਸਾਨ ਲੀਲੂ ਰਾਮ ਬੈਨੀਵਾਲ ਨੇ ਆਪਣੀ 2 ਏਕੜ ਫ਼ਸਲ ਵਾਹ ਦਿੱਤੀ। ਕਿਸਾਨ ਦਾ ਕਹਿਣਾ ਹੈ ਕਿ ਬੀਜ ਵਿੱਚ ਨੁਕਸ ਹੋਣ ਕਾਰਨ ਗੁਆਰੇ ਦੀ ਫ਼ਸਲ ਨੂੰ ਫ਼ਲ ਨਹੀ ਲੱਗਾ ਹੈ ਜਿਸ ਕਾਰਨ ਉਸਦਾ 80 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਕਿਸਾਨ ਨੇ ਦੱਸਿਆ ਕਿ ਉਸ ਨੇ 6 ਏਕੜ ਜ਼ਮੀਨ 35 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਠੇਕੇ ’ਤੇ ਲਈ ਹੈ ਅਤੇ ਕੁਝ ਆਪਣੀ ਜ਼ਮੀਨ ਸਹਿਤ ਕੁੱਲ 25 ਏਕੜ ਜ਼ਮੀਨ ਦੀ ਖੇਤੀ ਕਰਦਾ ਹੈ। ਕਰੀਬ ਸਾਢੇ ਚਾਰ ਏਕੜ ਵਿੱਚ ਬੀਟੀ ਨਰਮਾ, ਸਾਢੇ ਚਾਰ ਏਕੜ ਵਿੱਚ ਮੂੰਗਫਲੀ ਅਤੇ ਬਾਕੀ ਜ਼ਮੀਨ ਵਿੱਚ ਗੁਆਰੇ ਦੀ ਫ਼ਸਲ ਬੀਜੀ ਹੈ। ਠੇਕੇ ’ਤੇ ਲਈ 6 ਏਕੜ ਜ਼ਮੀਨ ਵਿੱਚੋਂ ਦੋ ਏਕੜ ਵਿਚ ਉਸ ਨੇ ਗੁਆਰੇ ਦਾ ਬੀਜ ਖਰੀਦ ਕੇ ਵਿੱਚ ਬੀਜਿਆ ਸੀ ਜਦਕਿ ਬਾਕੀ ਜ਼ਮੀਨ ਵਿਚ ਘਰੇਲੂ ਬੀਜ ਬੀਜਿਆ ਸੀ। ਘਰ ਵਾਲੇ ਬੀਜ ਨਾਲ ਬੀਜੀ ਫ਼ਸਲ ਚੰਗੀ ਹੈ ਪਰ 2 ਏਕੜ ਵਿੱਚ ਗੁਆਰੇ ਦੀ ਫ਼ਸਲ ਜੋ ਬੀਜ ਖਰੀਦ ਕੇ ਬੀਜੀ ਗਈ ਸੀ ਉਸ ਵਿੱਚ ਫਲੀਆਂ ਨਹੀਂ ਲੱਗੀਆਂ। ਇਸ ਦੇ ਨਾਲ ਹੀ ਬਿਜਾਈ ਦੇ ਖਰਚੇ ਅਤੇ ਗੁਆਰੇ ਦੀ ਫਸਲ ਨੂੰ ਬਚਾਉਣ ਲਈ 4 ਵਾਰ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਗਿਆ ਹੈ। 2 ਏਕੜ ਜ਼ਮੀਨ ’ਤੇ ਉਸਦਾ ਕੁੱਲ 80 ਹਜ਼ਾਰ ਰੁਪਏ ਖਰਚ ਆਇਆ ਅਤੇ ਕਮਾਈ ਇੱਕ ਪੈਸਾ ਵੀ ਨਹੀਂ ਹੋਈ। ਇਸ ਸਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਡਾਕਟਰ ਸੈਲੇਂਦਰ ਸਹਾਰਨ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਗੁਆਰੇ ਦੀ ਫ਼ਸਲ ’ਤੇ ਉੱਲੀ ਦਾ ਹਮਲਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਫ਼ਸਲ ਖ਼ਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਵਾਹੁਣ ਵਿਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।