ਪੱਤਰ ਪ੍ਰੇਰਕ
ਨਵੀਂ ਦਿੱਲੀ, 6 ਸਤੰਬਰ
ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਵਿੱਚ ਵੱਡੀ ਗਿਣਤੀ ਨੌਜਵਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪਾਰਟੀ ਦੇ ਮੁਖੀ ਹਰਮੀਤ ਸਿੰਘ ਕਾਲਕਾ ਦੀ ਹਾਜ਼ਰੀ ਵਿਚ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਨੌਜਵਾਨ ਗੁਰੂ ਘਰਾਂ ਦੀ ਸੇਵਾ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਵੀ ਸੰਗਤ ਦੀ ਵੱਡੀ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਚ ਐੱਮਆਰਆਈ ਸੈਂਟਰ ਤੋਂ ਲੈ ਕੇ ਬਾਲਾ ਸਾਹਿਬ ਹਸਪਤਾਲ ਵਿਚ ਮੁਫਤ ਡਾਇਲੇਸਿਸ ਸੇਵਾ ਵਰਗੀਆਂ ਸਹੂਲਤਾਂ ਸੰਗਤ ਵਾਸਤੇ ਦਿੱਤੀਆਂ ਜਾ ਰਹੀਆਂ ਹਨ ਜਿਸ ਦਾ ਸੰਗਤ ਲਾਭ ਲੈ ਰਹੀ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਪੁਰਾਣਾ ਇਤਿਹਾਸ ਹੈ। ਇਹ 100 ਸਾਲ ਤੋਂ ਜ਼ਿਆਦਾ ਪੁਰਾਣੀ ਪਾਰਟੀ ਹੈ ਜਿਸ ਨੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਇਸ ਦੇ ਨਾਂ ਨਾਲ ਦਿੱਲੀ ਸਟੇਟ ਇਸ ਕਰ ਕੇ ਜੋੜਿਆ ਹੈ ਕਿਉਂਕਿ ਮੌਜੂਦਾ ਸਮੇਂ ਦੇ ਮੁੱਖ ਪ੍ਰਬੰਧਕ ਆਪਣੇ ਟੀਚੇ ਤੋਂ ਥਿੜਕ ਗਏ ਹਨ ਅਤੇ ਹੁਣ ਇਹ ਪਾਰਟੀ ਹੁਣ ਦਿੱਲੀ ਤੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਟੀਚਾ ਸਿਰਫ ਤੇ ਸਿਰਫ ਸੰਗਤ ਦੀ ਸੇਵਾ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਦਿੱਲੀ ਇਕਾਈ ਦੇ ਪ੍ਰਧਾਨ ਐੱਮਪੀਐੱਸ ਚੱਢਾ, ਦਿੱਲੀ ਕਮੇਟੀ ਮੈਂਬਰ ਸੁਖਬੀਰ ਸਿੰਘ ਕਾਲੜਾ ਹਾਜ਼ਰ ਸਨ।