ਜੋਗਿੰਦਰ ਕੌਰ ਅਗਨੀਹੋਤਰੀ
ਮਨੁੱਖ ਨੇ ਆਪਣੀਆਂ ਮੁੱਖ ਲੋੜਾਂ ਕੁੱਲੀ, ਗੁੱਲੀ, ਜੁੱਲੀ ਦੀ ਪੂਰਤੀ ਕਰਨ ਲਈ ਆਪ ਹੀ ਖੋਜ ਕੀਤੀ, ਜਿਸ ਕਰਕੇ ਮਨੁੱਖ ਦੀ ਸ਼ਾਨ ਵੱਖਰੀ ਹੈ। ਇਸ ਨੇ ਪੇਟ ਭਰਨ ਲਈ ਅੰਨ ਦੀ ਖੋਜ ਕਰਕੇ ਉਸ ਨੂੰ ਬੀਜਿਆ, ਸੰਭਾਲਿਆ ਅਤੇ ਉਸ ਤੋਂ ਬਾਅਦ ਉਸ ਨੂੰ ਵੱਢ ਕੇ ਆਪਣੀਆਂ ਅਤੇ ਦੂਜਿਆਂ ਦੀਆਂ ਲੋੜਾਂ ਨੂੰ ਪੂਰਾ ਕੀਤਾ। ਇੱਕ ਦੂਜੇ ਦੇ ਸਹਿਯੋਗ ਨਾਲ ਹੀ ਰਹਿਣ ਲਈ ਛੱਤ ਦਾ ਪ੍ਰਬੰਧ ਕੀਤਾ। ਤਨ ਢਕਣ ਲਈ ਕੱਪੜੇ ਦਾ ਪ੍ਰਬੰਧ ਕਰਨ ਲਈ ਰੇਸ਼ੇਦਾਰ ਪੌਦਿਆਂ ਨੂੰ ਵੀ ਆਪਣੀ ਲੋੜ ਅਨੁਸਾਰ ਤਿਆਰ ਕੀਤਾ। ਇਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਰੇਸ਼ੇਦਾਰ ਪੌਦਾ ਕਪਾਹ ਹੈ। ਭਾਵੇਂ ਸਮਾਂ ਬੀਤਣ ਦੇ ਨਾਲ ਨਵੀਆਂ ਤੋਂ ਨਵੀਆਂ ਖੋਜਾਂ ਅਤੇ ਨਵੇਂ ਤੋਂ ਨਵੇਂ ਕੱਪੜੇ ਆ ਰਹੇ ਹਨ ਪਰ ਕਪਾਹ ਦੀ ਸਰਦਾਰੀ ਅੱਜ ਵੀ ਕਾਇਮ ਹੈ ਕਿਉਂਕਿ ਕਪਾਹ ਤੋਂ ਕਈ ਤਰ੍ਹਾਂ ਦੇ ਕੱਪੜੇ ਤਿਆਰ ਹੁੰਦੇ ਹਨ।
ਕਪਾਹ ਬੀਜਣ ਲਈ ਪਹਿਲਾਂ ਵੜੇਵਿਆਂ ਨੂੰ ਭਿਉਂ ਕੇ ਰੱਖਣਾ ਪੈਂਦਾ ਹੈ ਅਤੇ ਫਿਰ ਉਨ੍ਹਾਂ ਨੂੰ ਸੁਆਹ ਨਾਲ ਮਿਲਾ ਕੇ ਇਕੱਲਾ ਇਕੱਲਾ ਵੀ ਕੀਤਾ ਜਾਂਦਾ ਹੈ। ਕਪਾਹ ਬੀਜਣ ਬਾਰੇ ਇੱਕ ਬੁਝਾਰਤ ਇੰਜ ਪਾਈ ਜਾਂਦੀ ਹੈ;
ਬੀਜੇ ਰੋੜ, ਜੰਮੇ ਝਾੜ
ਲੱਗੇ ਨਿੰਬੂ, ਖਿੜੇ ਅਨਾਰ।
ਵੜੇਵਿਆਂ ਨੂੰ ਬੀਜਣ ਤੋਂ ਬਾਅਦ ਕਪਾਹ ਦੇ ਬੂਟੇ ਹਰੇ ਹੁੰਦੇ ਹਨ ਅਤੇ ਇਨ੍ਹਾਂ ਕਈ ਸ਼ਾਖਾਵਾਂ ਪਾਟਦੀਆਂ ਹਨ। ਫਿਰ ਇਨ੍ਹਾਂ ’ਤੇ ਨਿੰਬੂਆਂ ਵਰਗੇ ਟੀਂਡੇ ਲੱਗਦੇ ਹਨ ਅਤੇ ਅੱਧੀ ਭਾਦੋਂ ਕਪਾਹਾਂ ਖਿੜਨੀਆਂ ਸ਼ੁਰੂ ਹੋ ਜਾਂਦੀਆਂ ਹਨ। ਕਪਾਹ ਭਾਵੇਂ ਧਰਤੀ ਵਿੱਚ ਬੀਜਿਆ ਜਾਣ ਵਾਲਾ ਪੌਦਾ ਹੈ, ਪਰ ਕੁਦਰਤ ਵੱਲੋਂ ਮਿਲਿਆ ਇਹ ਅਨਮੋਲ ਤੋਹਫਾ ਦੁਨੀਆ ਦਾ ਸਭ ਤੋਂ ਕੀਮਤੀ ਤੋਹਫਾ ਹੈ, ਜਿਸ ਨਾਲ ਮਨੁੱਖ ਜਨਮ ਤੋਂ ਲੈ ਕੇ ਮਰਨ ਤੱਕ ਜੁੜ ਜਾਂਦਾ ਹੈ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਕੱਪੜੇ ਵਿੱਚ ਲਪੇਟਿਆ ਜਾਂਦਾ ਹੈ ਅਤੇ ਮਰਨ ਵੇਲੇ ਵੀ ਮਨੁੱਖ ਦੇ ਉੱਤੇ ਕੱਪੜਾ ਪਾਇਆ ਜਾਂਦਾ ਹੈ। ਇਹ ਕੱਪੜਾ ਕਪਾਹ ਤੋਂ ਹੀ ਤਿਆਰ ਕੀਤਾ ਜਾਂਦਾ ਹੈ। ਇਸ ਕਪਾਹ ਤੋਂ ਪਹਿਨਣ ਵਾਲੇ ਕੱਪੜਿਆਂ ਤੋਂ ਬਿਨਾਂ ਹੋਰ ਅਨੇਕਾਂ ਵੰਨਗੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਜਿਵੇਂ ਖੱਦਰ, ਖੇਸ, ਦਰੀਆਂ, ਰਜਾਈਆਂ, ਗਦੈਲੇ ਅਤੇ ਹੋਰ ਅਨੇਕਾਂ ਵੰਨਗੀਆਂ।
ਕਿਹਾ ਜਾਂਦਾ ਹੈ ਕਿ ਹਰ ਕੰਮ ਸਹਿਯੋਗ ਨਾਲ ਕੀਤਾ ਜਾਂਦਾ ਹੈ। ਕਪਾਹ ਨੂੰ ਚੁਗਣ ਲਈ ਕਈ ਜਣੇ ਇਕੱਠੇ ਹੋ ਕੇ ਚੁਗਦੇ ਹਨ। ਇੱਕ ਦੂਜੇ ਨਾਲ ਵਿੜ੍ਹੀ ਵੀ ਚੜ੍ਹਾਈ ਜਾਂਦੀ ਹੈ। ਇਸ ਕਰਕੇ ਇੱਕ ਦਿਨ ਇੱਕ ਘਰ ਦੀ ਕਪਾਹ ਚੁਗਣ ਲਈ ਘਰਾਂ ਵਿੱਚੋਂ ਇੱਕ ਇੱਕ ਬੰਦੇ ਨੂੰ ਬੁਲਾਇਆ ਜਾਂਦਾ ਹੈ ਅਤੇ ਉਹ ਖੇਤ ਕਪਾਹ ਚੁਗਣ ਜਾਂਦੇ ਹਨ। ਇਨ੍ਹਾਂ ਦਿਨਾਂ ਨੂੰ ਬਹੁਤ ਹੀ ਆਨੰਦਦਾਇਕ ਦਿਨ ਮੰਨਿਆ ਜਾਂਦਾ ਹੈ ਜਦੋਂ ਸਾਰੇ ਇਕੱਠੇ ਹੋ ਕੇ ਇੱਕ ਘਰ ਦੇ ਖੇਤ ਵਿੱਚ ਜਾ ਕੇ ਕਪਾਹ ਚੁਗਦੇ ਹਨ ਅਤੇ ਹੱਸਦੇ ਖੇਡਦੇ ਵੀ ਹਨ। ਕਪਾਹ ਚੁਗਣ ਵਾਲੇ ਸਾਰੇ ਇਕੱਠੇ ਬੈਠ ਕੇ ਰੋਟੀ ਵੀ ਖਾਂਦੇ ਹਨ ਅਤੇ ਚਾਹ ਵੀ ਪੀਂਦੇ ਹਨ। ਰੋਟੀ ਸਵੇਰੇ ਹੀ ਪਕਾ ਕੇ ਚੁਗਣ ਵਾਲੇ ਅੱਠ ਵੱਜਦੇ ਨੂੰ ਖੇਤ ਵਿੱਚ ਪਹੁੰਚ ਜਾਂਦੇ ਹਨ। ਚਾਹ ਸਾਰਿਆਂ ਦੀ ਖੇਤ ਹੀ ਇਕੱਠੀ ਬਣਦੀ ਹੈ ਕਿਉਂਕਿ ਘਰੋਂ ਦੁੱਧ, ਚਾਹ ਪੱਤੀ ਅਤੇ ਗੁੜ ਜਾਂ ਖੰਡ ਰੋਟੀ ਨਾਲ ਹੀ ਟੋਕਰੇ ਵਿੱਚ ਰੱਖ ਲਿਆ ਜਾਂਦਾ ਹੈ।
ਜਦੋਂ ਘਰ ਦੀ ਸੁਆਣੀ ਨੇ ਆਪਣੇ ਸਾਰੇ ਸਹਿਯੋਗੀਆਂ ਨਾਲ ਖੇਤ ਕਪਾਹ ਚੁਗਣ ਜਾਣਾ ਹੁੰਦਾ ਸੀ ਤਾਂ ਉਸ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ। ਉਹ ਇੰਜ ਤੁਰਦੀ ਸੀ ਜਿਵੇਂ ਹਵਾ ਵਿੱਚ ਉੱਡਦੀ ਹੋਵੇ। ਉਸ ਦੇ ਮੂੰਹੋਂ ਲੋਕ ਗੀਤ ਆਪ ਮੁਹਾਰੇ ਫੁੱਟਦੇ ਸਨ;
ਉੱਚੇ ਚੁਬਾਰੇ ਵਿੱਚ ਬਾਰੀ ਨੀਂ
ਮੇਰੀ ਭਲਕੇ ਕਪਾਹ ਦੀ ਵਾਰੀ ਨੀਂ।
ਕਪਾਹ ਅਤੇ ਨਰਮਾ ਭਾਵੇਂ ਕਪਾਹ ਦੀਆਂ ਦੋ ਮੁੱਖ ਫ਼ਸਲਾਂ ਹਨ। ਕਪਾਹ ਨੂੰ ਆਮ ਤੌਰ ’ਤੇ ਦੇਸੀ ਕਪਾਹ ਕਿਹਾ ਜਾਂਦਾ ਹੈ ਅਤੇ ਨਰਮੇ ਨੂੰ ਅਮਰੀਕਨ ਕਪਾਹ। ਉਂਜ ਦੇਸੀ ਕਪਾਹ ਨੂੰ ਵੀ ਤਿੰਨ ਕਿਸਮਾਂ ਵਿੱਚ ਵੰਡਿਆ ਗਿਆ ਹੈ। ਚਿੱਟੀ ਕਪਾਹ, ਕਾਲੀ ਕਪਾਹ ਅਤੇ ਖ਼ਾਕੀ ਕਪਾਹ। ਚਿੱਟੀ ਕਪਾਹ ਦੇ ਫੁੱਲ ਘਿਓ ਕਪੂਰੀ ਰੰਗ ਦੇ ਹੁੰਦੇ ਹਨ ਜਦ ਕਿ ਕਾਲੀ ਕਪਾਹ ਦੇ ਫੁੱਲ ਪਿਆਜ਼ੀ ਰੰਗ ਦੇ ਹੁੰਦੇ ਹਨ। ਚਿੱਟੀ ਕਪਾਹ ਚੁਗਣ ਵੇਲੇ ਜਲਦੀ ਹੀ ਹੱਥਾਂ ’ਚੋਂ ਡਿੱਗ ਪੈਂਦੀ ਹੈ, ਪ੍ਰੰਤੂ ਕਾਲੀ ਕਪਾਹ ਚੁਗਣ ਵੇਲੇ ਡਿੱਗਦੀ ਨਹੀਂ। ਇਸ ਤਰ੍ਹਾਂ ਖਾਕੀ ਕਪਾਹ ਦੇ ਪੱਤਿਆਂ ਦੀ ਅਤੇ ਫੁੱਲਾਂ ਦੀ ਕੋਈ ਪਰਖ ਨਹੀਂ ਹੈ ਪ੍ਰੰਤੂ ਟੀਂਡਿਆਂ ਵਿੱਚੋਂ ਖਾਕੀ ਕਪਾਹ ਦੀਆਂ ਫੁੱਟੀਆਂ ਨਿਕਲਦੀਆਂ ਹਨ। ਟੀਂਡੇ ਵਿੱਚੋਂ ਕਪਾਹ ਨਿਕਲਣ ਤੋਂ ਬਾਅਦ ਉਸ ਖਾਲੀ ਖੋਖ ਨੂੰ ਸਿਕਰੀ ਕਿਹਾ ਜਾਂਦਾ ਹੈ।
ਜਦੋਂ ਔਰਤਾਂ ਕਪਾਹ ਚੁਗਦੀਆਂ ਹਨ ਤਾਂ ਉਸ ਸੁਗੰਧਿਤ ਵਾਤਾਵਰਨ ਵਿੱਚ ਉਨ੍ਹਾਂ ਦੇ ਅੰਦਰੋਂ ਅਨੇਕਾਂ ਭਾਵ ਉੱਠਦੇ ਹਨ ਜੋ ਲੋਕ ਗੀਤਾਂ ਦਾ ਰੂਪ ਧਾਰਨ ਕਰ ਲੈਂਦੇ ਹਨ। ਕਪਾਹ ਚੁਗਦੀ ਔਰਤ ਜਦੋਂ ਲਫ਼ ਕੇ ਕਪਾਹ ਦੀ ਉੱਚੀ ਟਾਹਣੀ ਤੋਂ ਫੁੱਟੀਆਂ ਫੜਦੀ ਹੈ ਤਾਂ ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲ ਜਾਂਦਾ ਹੈ;
ਝੁਕ ਜਾ ਕਪਾਹ ਦੀਏ ਛਟੀਏ
ਨੀਂ ਪਤਲੋ ਦੀ ਬਾਂਹ ਥੱਕ ’ਗੀ।
ਕਪਾਹ ਨੂੰ ਚੁਗਣ ਤੋਂ ਬਾਅਦ ਇਸ ਨੂੰ ਹੱਥਾਂ ਨਾਲ ਸਾਫ਼ ਕਰਕੇ ਫਿਰ ਵੇਲਿਆ ਜਾਂਦਾ ਸੀ ਅਤੇ ਉਸ ਤੋਂ ਬਾਅਦ ਇਸ ਨੂੰ ਤੇਲੀ ਦੇ ਲਿਜਾ ਕੇ ਪਿੰਜਾਇਆ ਜਾਂਦਾ ਸੀ। ਜੇਕਰ ਰੂੰ ਵਧੀਆ ਨਾ ਪਿੰਜੀ ਹੁੰਦੀ ਤਾਂ ਔਰਤਾਂ ਦੁਬਾਰਾ ਪਿੰਜਣ ਲਈ ਕਹਿੰਦੀਆਂ;
ਲਾ ਵੇ ਤੇਲੀਆ ਤਾੜਾ
ਰੂੰ ਮੇਰੀ ਕੱਚੀ ਪਈ।
ਪਿੰਜੀ ਹੋਈ ਰੂੰ ਦੀਆਂ ਪੂਣੀਆਂ ਵੱਟੀਆਂ ਜਾਂਦੀਆਂ ਤੇ ਫਿਰ ਉਸ ਨੂੰ ਕੱਤਿਆ ਜਾਂਦਾ। ਫਿਰ ਉਸ ਤੋਂ ਵੱਖ ਵੱਖ ਪ੍ਰਕਾਰ ਦੀਆਂ ਵੰਨਗੀਆਂ ਤਿਆਰ ਕੀਤੀਆਂ ਜਾਂਦੀਆਂ। ਲੰਬਾ ਸਮਾਂ ਲੋਕ ਘਰ ਦੇ ਖੱਦਰ ਦੇ ਕੱਪੜੇ ਪਾਉਂਦੇ ਸਨ। ਬਾਜ਼ਾਰ ਦੇ ਸੋਹਣੇ ਕੱਪੜਿਆਂ ਨੂੰ ਦੇਖ ਕੇ ਇੱਕ ਔਰਤ ਦੇ ਅੰਦਰ ਰੀਝ ਪੈਦਾ ਹੁੰਦੀ ਹੈ ਕਿ ਉਹ ਵੀ ਅਜਿਹਾ ਸੂਟ ਸੰਵਾ ਕੇ ਪਾਵੇ। ਬਾਜ਼ਾਰ ਵਿੱਚ ਕਈ ਵਾਰ ਕੱਪੜਾ ਡਿੱਪੂ ’ਤੇ ਵੀ ਮਿਲਦਾ ਸੀ। ਸੋ ਔਰਤ ਆਪਣੇ ਪਤੀ ਨੂੰ ਇਸ ਤਰ੍ਹਾਂ ਕਹਿੰਦੀ ਹੈ;
ਮੇਰੇ ਖੱਦਰ ਪਿੰਡੇ ਨੂੰ ਖਾਵੇ
ਨਿੱਕੀ ਨਿੱਕੀ ਪੈ ਗਈ ਧਫ਼ੜੀ, ਮੱਖਣਾਂ
ਵੇ ਡਿੱਪੂ ’ਚੋਂ ਲਿਆ ਦੇ ਕੱਪੜਾ, ਜੇ ਰੱਖਣਾ।
ਆਦਮੀ ਘਰ ਦੀ ਕਬੀਲਦਾਰੀ ਤੋਂ ਮਜਬੂਰ ਹੈ, ਪਰ ਉਹ ਫਿਰ ਵੀ ਉਸ ਨੂੰ ਸਮਝਾਉਂਦਾ ਹੈ;
ਛਾਪਾ ਖੱਦਰ ਬਣਾ ਕੇ ਪਾ ਲੈ
ਦੇ ਗੇੜਾ ਚਰਖੇ ਨੂੰ ਹਰੀਏ
ਨੀਂ ਕੱਪੜਾ ਨਹੀਂ ਮਿਲਦਾ ਕੀ ਕਰੀਏ!
ਘਰ ਦੇ ਕੱਤੇ ਸੂਤ ਨਾਲ ਕੁੜੀਆਂ ਨੂੰ ਦਾਜ ਵਿੱਚ ਦਿੱਤੇ ਜਾਣ ਵਾਲੇ ਬਿਸਤਰੇ, ਪਲੰਘ ਅਤੇ ਹੋਰ ਚੀਜ਼ਾਂ ਇਸ ਕਪਾਹ ਦੀ ਹੀ ਦੇਣ ਹਨ। ਸੂਤ ਕੱਤਣ ਤੋਂ ਬਾਅਦ ਅਟੇਰਨ ਉੱਤੇ ਅਟੇਰਿਆ ਜਾਂਦਾ ਹੈ ਅਤੇ ਉਸ ਦੀਆਂ ਅੱਟੀਆਂ ਬਣਾਈਆਂ ਜਾਂਦੀਆਂ ਹਨ। ਜੇਕਰ ਹੱਥੀਂ ਕੱਤੇ ਸੂਤ ਦੇ ਖੇਸ/ਦੋੜੇ ਜਾਂ ਕੋਈ ਹੋਰ ਵੰਨਗੀ ਤਿਆਰ ਕਰਨੀ ਹੈ ਤਾਂ ਉਨ੍ਹਾਂ ਅੱਟੀਆਂ ਨੂੰ ਊਰੀ ’ਤੇ ਚੜ੍ਹਾ ਕੇ ਨੜੇ ਵੱਟੇ ਜਾਂਦੇ ਹਨ। ਉਸ ਤੋਂ ਬਾਅਦ ਤਾਣਾ ਤਣਦੇ ਹਨ। ਇਸ ਕੰਮ ਨੂੰ ਮਾਹਰ ਔਰਤਾਂ ਬੜੀ ਫੁਰਤੀ ਨਾਲ ਕਰਦੀਆਂ ਹਨ। ਤਾਣਾ ਤਣਦੀਆਂ ਹੋਈਆਂ ਵੀ ਉਹ ਗੀਤ ਗਾਉਂਦੀਆਂ ਹਨ;
ਉੱਚੇ ਟਿੱਬੇ ਮੈਂ ਤਾਣਾ ਤਣਦੀ
ਉੱਤੋਂ ਦੀ ਲੰਘ ਗਿਆ ਮੋਰ।
ਜੇ ਮੈਨੂੰ ਪਤਾ ਹੁੰਦਾ
ਗਰਦਨ ਦਿੰਦੀ ਮਰੋੜ।
ਜਿੱਥੇ ਕਪਾਹ ਤੋਂ ਘਰ ਦੀਆਂ ਵਸਤਾਂ ਤਿਆਰ ਹੁੰਦੀਆਂ ਹਨ, ਉੱਥੇ ਮੰਡੀ ਵਿੱਚ ਵੇਚ ਕੇ ਉਸ ਦਾ ਮੁੱਲ ਵੀ ਪ੍ਰਾਪਤ ਕੀਤਾ ਜਾਂਦਾ ਅਤੇ ਉਸ ਤੋਂ ਪੈਸੇ ਪ੍ਰਾਪਤ ਕਰਕੇ ਘਰ ਦੀ ਕਬੀਲਦਾਰੀ ਤੋਰੀ ਜਾਂਦੀ ਜਾਂ ਕੋਈ ਚੀਜ਼ ਲਿਆਂਦੀ ਜਾਂਦੀ। ਕਪਾਹ ਦੇ ਵੱਢਣ ਤੋਂ ਪਹਿਲਾਂ ਉਸ ਦੇ ਉੱਤੇ ਲੱਗੇ ਟੀਂਡਿਆਂ ਨੂੰ ਤੋੜ ਕੇ ਉਨ੍ਹਾਂ ਨੂੰ ਧੁੱਪੇ ਸੁੱਟਿਆ ਜਾਂਦਾ ਹੈ ਜੋ ਧੁੱਪ ਲੱਗਣ ਨਾਲ ਖਿੜ ਜਾਂਦੇ ਹਨ ਅਤੇ ਉਨ੍ਹਾਂ ਵਿੱਚੋਂ ਕਪਾਹ ਕੱਢ ਲਈ ਜਾਂਦੀ ਹੈ। ਕਪਾਹ ਦੀਆਂ ਸਿੱਕਰੀਆਂ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ। ਕਪਾਹ ਦੀਆਂ ਛਿਟੀਆਂ ਬਾਲਣ ਦੇ ਕੰਮ ਆਉਂਦੀਆਂ ਹਨ। ਚੁੱਲ੍ਹੇ ’ਤੇ ਰੋਟੀ ਪਕਾਉਣ ਵੇਲੇ ਛਿਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀਆਂ ਛਿਟੀਆਂ ਨਰਮੇ ਦੀਆਂ ਛਿਟੀਆਂ ਨਾਲੋਂ ਵਧੀਆ ਹੁੰਦੀਆਂ ਹਨ, ਪਰ ਫਿਰ ਵੀ ਇਹ ਬੋਲੀ ਜ਼ਰੂਰ ਪ੍ਰਚਲਿੱਤ ਹੋ ਗਈ ਹੈ;
ਐਥੋਂ ਲਿਆਈਂ ਵੇ ਛੜੇ ਦੀ ਮੁੱਛ ਪੱਟ ਕੇ
ਛਟੀਆਂ ਦੀ ਅੱਗ ਨਾ ਬਲੇ।
ਸੰਪਰਕ: 94178-40323