ਪੱਤਰ ਪ੍ਰੇਰਕ
ਬਨੂੜ, 6 ਸਤੰਬਰ
ਬਨੂੜ-ਚੰਡੀਗੜ੍ਹ ਰੋਡ ’ਤੇ ਸਥਿਤ ਸ਼ੇਰਾ ਸੋਨੀ ਇਲੈਕਟ੍ਰਾਨਿਕ ਦੀ ਦੁਕਾਨ ਦੇ ਬਾਹਰ ਲੱਗੀ ਲਿਫ਼ਟ ਵਾਲੀ ਥਾਂ ਵਿੱਚੋਂ ਦਾਖਲ ਹੋ ਕੇ ਚੋਰਾਂ ਨੇ ਦੁਕਾਨ ਵਿੱਚੋਂ ਨਗਦੀ ਤੇ ਹੋਰ ਸਾਮਾਨ ਚੋਰੀ ਕਰ ਲਿਆ। ਦੁਕਾਨ ਦੇ ਮਾਲਕ ਸ਼ੇਰ ਸਿੰਘ ਸੋਨੀ ਨੇ ਦੱਸਿਆ ਕਿ ਰਾਤੀਂ ਨੌਂ ਵਜੇ ਦੁਕਾਨ ਬੰਦ ਕਰ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਚੋਰੀ ਦਾ ਪਤਾ ਸਵੇਰੇ ਦੁਕਾਨ ਖੋਲ੍ਹਣ ਮਗਰੋਂ ਹੀ ਲੱਗਿਆ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਫੁਟੇਜ ਅਨੁਸਾਰ ਸਵਾ 9 ਵਜੇ ਦੇ ਕਰੀਬ ਚਾਰ ਨੌਜਵਾਨ ਦੁਕਾਨ ਦੇ ਬਾਹਰ ਲੱਗੀ ਲਿਫ਼ਟ ਵਾਲੀ ਥਾਂ ਰਾਹੀਂ ਅੰਦਰ ਦਾਖ਼ਲ ਹੋਏ। ਉਨ੍ਹਾਂ ਵੀਹ ਹਜ਼ਾਰ ਨਗਦ, ਛੇ ਐਲਈਡੀ, 12 ਮੁਬਾਈਲ ਫੋਨ ਤੇ ਇੱਕ ਲੈਪਟਾਪ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਲੱਖ ਦਾ ਸਮਾਨ ਚੋਰੀ ਹੋ ਗਿਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਚੋਰੀ ਦੀ ਘਟਨਾ ਦੀ ਪੁਲੀਸ ਨੂੰ ਸ਼ਿਕਾਇਤ ਕਰ ਦਿੱਤੀ ਹੈ।