ਡਾ. ਦਵਿੰਦਰ ਸਿੰਘ
ਸੋਸ਼ਲ ਮੀਡੀਆ ਦਾ ਆਰੰਭਲਾ ਪ੍ਰਭਾਵ ਇਹ ਸੀ ਕਿ ਇਹ ਸਮਾਜ ਨੂੰ ਆਪਸ ਵਿੱਚ ਜੋੜਦਾ ਹੈ। ਆਮ ਸਮਝ ਵਾਲੇ ਲੋਕਾਂ ਵਿੱਚ ਹਾਲੇ ਵੀ ਇਸਦਾ ਇਹ ਪ੍ਰਭਾਵ ਕਾਇਮ ਹੈ। ਪਹਿਲੀ ਨਜ਼ਰੇ ਦੇਖਿਆਂ ਇਸ ਦਾ ਇਹ ਪ੍ਰਭਾਵ ਗੰਭੀਰ ਲੋਕਾਂ ’ਤੇ ਵੀ ਨਜ਼ਰ ਆਉਂਦਾ ਹੈ। ਦੂਸਰਾ ਵਿਚਾਰ ਇਹ ਸੀ ਕਿ ਆਮ ਬੰਦੇ ਨੂੰ ਆਪਣਾ ਪੱਖ ਰੱਖਣ ਲਈ ਇੱਕ ਪੁਰਅਸਰ ਮੰਚ ਮੁਹਈਆ ਕਰਵਾਉਂਦਾ ਹੈ ਜਿੱਥੇ ਉਹ ਆਪਣਾ ਪੱਖ ਬਿਨਾਂ ਕਿਸੇ ਦਬਾਅ, ਖਰਚ ਅਤੇ ਔੰਕੜ ਦਾ ਸਾਹਮਣਾ ਕਰਨ ਤੋਂ ਆਸਾਨੀ ਨਾਲ ਰੱਖ ਸਕਦਾ ਹੈ। ਆਪਣੀ ਆਵਾਜ਼ ਨੂੰ ਆਪਣੇ ਹਮਖਿਆਲਾਂ, ਵਿਰੋਧੀਆਂ, ਸਰਕਾਰ, ਪ੍ਰਸ਼ਾਸਨ ਅਤੇ ਹਰ ਤਰਾਂ ਦੇ ਲੋਕਾਂ ਅਤੇ ਲੋਕ-ਸਮੂਹਾਂ ਤੱਕ ਪਹੁੰਚਾ ਸਕਦਾ ਹੈ। ਓਪਰੀ ਨਜ਼ਰੇ ਇਹ ਸਭ ਕੁਝ ਸੰਭਵ ਅਤੇ ਸੱਚ ਵੀ ਲਗਦਾ ਹੈ। ਸ਼ੁਰੂ ਵਿੱਚ ਕੁਝ ਹੱਦ ਤੱਕ ਲੋਕਾਂ ਨੇ ਹਰ ਖੇਤਰ ਵਿੱਚ ਇਸਦੀ ਸੁਚੱਜੀ ਵਰਤੋਂ ਕੀਤੀ ਵੀ ਜਿਸ ਨਾਲ ਹਰ ਖੇਤਰ ਵਿੱਚ ਇਸਦੇ ਸਾਰਥਕ ਨਤੀਜੇ ਵੀ ਦੇਖਣ ਨੂੰ ਮਿਲੇ ਪਰ ਸੂਚਨਾ ਦੇ ਹੜ ਵਿੱਚ ਇਹ ਸਭ ਕੁਝ ਬਹੁਤ ਜਲਦੀ ਅਪ੍ਰਸੰਗਿਕ ਹੋ ਗਿਆ। ਬੇਲੋੜੀ, ਅਣਸਾਧੀ ਤੇ ਅਣਸੰਪਾਦਿਤ ਸੂਚਨਾ ਸਮੱਗਰੀ ਦੇ ਅੰਬਾਰਾਂ ਵਿੱਚ ਸਾਰਥਕ ਅਤੇ ਸਹੀ ਸੂਚਨਾ ਕਿਧਰੇ ਗੁੰਮ-ਗੁਆਚ ਕੇ ਰਹਿ ਗਈ।
ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਖੋਜ ਕਰਨ ਵਾਲ਼ੇ ਲੋਕਾਂ ਦਾ ਉਦੇਸ਼ ਆਮ ਤੌਰ ’ਤੇ ਲੋਕਾਈ ਦਾ ਜੀਵਨ ਸੌਖਾ ਤੇ ਚੰਗੇਰਾ ਬਣਾਉਣਾ ਰਿਹਾ ਹੈ ਪ੍ਰੰਤੂ ਜਦੋਂ ਵਿਗਿਆਨ ਦੀਆਂ ਇਹ ਕਾਢਾਂ ਵਪਾਰੀਆਂ ਦੇ ਹੱਥ ਆਉਂਦੀਆਂ ਹਨ ਤਾਂ ਮੁੱਖ ਉਦੇਸ਼ ਮੁਨਾਫਾ ਤੇ ਲਾਭ ਹੋ ਜਾਂਦਾ ਹੈ। ਫਿਰ ਸਾਰਾਂ ਵਿਗਿਆਨ ਅਤੇ ਉਸਤੋਂ ਪੈਦਾ ਹੋਈ ਤਕਨੀਕ ਦਾ ਮੂੰਹ ਇਸ ਦਿਸ਼ਾ ਵਿੱਚ ਹੀ ਘੁਮਾ ਦਿੱਤਾ ਜਾਂਦਾ ਹੈ ਕਿ ਇਸ ਨਾਲ਼ ਵੱਧ ਤੋਂ ਵੱਧ ਮੁਨਾਫਾ ਕਿਵੇਂ ਖੱਟਿਆ ਜਾਵੇ। ਅੱਜ ਜੋ ਤਕਨਾਲੋਜੀ ਲੋਕਾਂ ਨੂੰ ਮੁਹੱਈਆ ਕਰਵਾਈ ਗਈ ਹੈ ਉਸਦੀ ਆਮ ਲੋਕਾਂ ਵਿੱਚੋਂ ਬਹੁਤਿਆਂ ਨੂੰ ਜ਼ਰੂਰਤ ਵੀ ਨਹੀਂ ਹੈ। ਉਸਦਾ ਉਦੇਸ਼ ਨਾ ਕੇਵਲ ਮੁਨਾਫਾ ਸਗੋਂ ਲੋਕਾਂ ਦੀਆਂ ਸੁਰਤੀਆਂ ਬਿਰਤੀਆਂ ਨੂੰ ਸੰਪੂਰਨ ਰੂਪ ਵਿੱਚ ਕਬਜ਼ੇ ਹੇਠ ਕਰਨਾ ਹੈ। ਜਿਸ ਕਾਰਜ ਲਈ ਸੋਸ਼ਲ ਮੀਡੀਆ ਨੂੰ ਸਭ ਤੋਂ ਵੱਡੇ ਹਥਿਆਰ ਦੇ ਰੂਪ ਵਿੱਚ ਵਰਤਿਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਦੀ ਬਣਤਰ-ਬਣਾਵਟ ਅਜਿਹੀ ਹੈ ਕਿ ਤੁਸੀਂ ਭਾਵੇਂ ਇਸ ਦੀ ਵਰਤੋਂ ਪ੍ਰਤੀ ਕਿੰਨੇ ਵੀ ਸੁਚੇਤ ਹੋਵੋ ਇਸ ਦੀ ਤੁਹਾਨੂੰ ਲਤ ਲੱਗਦੀ ਹੈ ਜੋ ਤੁਹਾਡੇ ਸਾਰੇ ਸਰੀਰਕ ਮਾਨਸਿਕ ਕੰਮਾਂਕਾਰਾਂ ਨੂੰ ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰਦੀ ਹੈ। ਤੁਹਾਨੂੰ ਹਮੇਸ਼ਾ ਇਹ ਲੱਗਦਾ ਰਹਿੰਦਾ ਹੈ ਕਿ ਤੁਸੀਂ ਦੁਨੀਆ/ਲੋਕਾਂ ਨਾਲ਼ ਵਧੇਰੇ ਜੁੜ ਰਹੇ ਹੋ ਪਰ ਹੁੰਦਾ ਇਸਦੇ ਬਿਲਕੁਲ ਉਲਟ ਹੈ। ਅਸੀਂ ਨਾ ਕੇਵਲ ਅਸਲੀ ਰਿਸ਼ਤਿਆਂ ਸਗੋਂ ਅਸਲੀ ਦੁਨੀਆ ਤੋਂ ਵੀ ਦੂਰ ਅਤੇ ਅਲੱਗ-ਥਲੱਗ ਹੁੰਦੇ ਜਾਂਦੇ ਹਾਂ। ਬੱਚਿਆਂ ਅਤੇ ਵਿਦਿਆਰਥੀਆਂ ਉੱਪਰ ਇਸਦਾ ਹੋਰ ਵਰਗਾਂ ਨਾਲੋਂ ਵਧੇਰੇ ਮਾਰੂ ਪ੍ਰਭਾਵ ਪਿਆ ਹੈ। ਉਹ ਅਸਲ ਦੁਨੀਆ ਦੀ ਥਾਂ ਪ੍ਰਛਾਵਿਆਂ ਦੇ ਸੰਸਾਰ (ਵਰਚੁਅਲ ਵਰਡ) ਨੂੰ ਵੱਧ ਮਹੱਤਵ ਦੇਣ ਲੱਗਦੇ ਹਨ। ਵੱਡਿਆਂ ਦੁਆਰਾ ਇਸਦੀ ਵਰਤੋਂ ਘੱਟ ਕਰਨ ਜਾਂ ਰੋਕਣ ’ਤੇ ਕੇਵਲ ਖਿਝਦੇ-ਖਪਦੇ ਹੀ ਨਹੀਂ ਸਗੋਂ ਕਈ ਵਾਰ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਲੈਂਦੇ ਹਨ।
ਮਨੁੱਖ ਦੁਆਰਾ ਕੀਤੀ ਹਰ ਨਵੀਂ ਖੋਜ ਜਿੱਥੇ ਇੱਕ ਪਾਸੇ ਉਸਦੇ ਜੀਵਨ ਨੂੰ ਸੁਖਾਲ਼ਾ ਬਣਾਉਂਦੀ ਹੈ ਉੱਥੇ ਦੂਸਰੇ ਪਾਸੇ ਆਪਣੀ ਕਿਸਮ ਦੀਆਂ ਨਵੀਆਂ ਸਮੱਸਿਆਵਾਂ ਖੜੀਆਂ ਕਰ ਦਿੰਦੀ ਹੈ। ਇਸ ਤਰਾਂ ਤਕਨਾਲੋਜੀ ਦੇ ਵਿਕਾਸ ਨੇ ਵੀ ਮਨੁੱਖ ਲਈ ਨਵੀਂ ਤਰਾਂ ਦੀਆਂ ਮਨੋ-ਸਰੀਰਕ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਜਿਸ ਨਾਲ ਉਸਦਾ ਸਰੀਰ ਭਾਵੇਂ ਆਜ਼ਾਦ ਵਿਚਰਦਾ ਦਿਖਾਈ ਦਿੰਦਾ ਹੈ ਪਰ ਉਹ ਮਾਨਸਿਕ ਤੌਰ ’ਤੇ ਘੋਰ ਗੁਲਾਮੀ ਵੱਲ ਧੱਕਿਆ ਜਾ ਰਿਹਾ ਹੈ। ਜਿੱਥੇ ਉਸ ਕੋਲ ਆਜ਼ਾਦ ਮਨੁੱਖ ਵਜੋਂ ਸੋਚਣ-ਵਿਚਾਰਨ ਦੀ ਸ਼ਕਤੀ ਅਛੋਪਲੇ ਹੀ ਖੋਹ ਲਈ ਗਈ ਹੈ। ਮਨੁੱਖ ਦੇ ਕੱਪੜੇ-ਸਾਬਣ-ਤੇਲ ਆਦਿ ਖਰੀਦਣ ਦੇ ਫੈਸਲਿਆਂ ਤੋਂ ਲੈ ਕੇ ਉਸਦੇ ਸਰਕਾਰਾਂ ਚੁਣਨ ਤੱਕ ਦੇ ਫੈਸਲਿਆ ਨੂੰ ਪ੍ਰਭਾਵਿਤ ਹੀ ਨਹੀਂ ਸਗੋਂ ਸੋਸ਼ਲ ਮੀਡੀਆ ਸਾਈਟਾਂ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ। ਅਮਰੀਕਾ ਦੀਆਂ ਚੋਣਾਂ ਤੋਂ ਲੈ ਕੇ ਲੰਘੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਘੋਖਣ-ਵਿਚਾਰਨ ਤੋਂ ਬਾਅਦ ਇਹ ਗੱਲ ਜੱਗ ਜ਼ਾਹਿਰ ਹੋ ਚੁੱਕੀ ਹੈ ਕਿ ਇਹਨਾਂ ਚੋਣਾਂ ਵਿੱਚ ਜਿੱਤ ਉਹਨਾਂ ਦੀ ਹੀ ਹੋਈ ਹੈ ਜਿਹਨਾਂ ਨੇ ਸੋਸ਼ਲ ਮੀਡੀਆ ਦੀ ਵੱਧ ਯੋਗ ਵਰਤੋਂ/ਦੁਰਵਰਤੋਂ ਕੀਤੀ ਹੈ।
ਪੰਜਾਬੀ ਦੀ ਇੱਕ ਕਹਾਵਤ ਹੈ ‘ਜੇ ਗੁੜ ਦਿੱਤਿਆਂ ਮਰੇ ਤਾਂ ਜ਼ਹਿਰ ਦੇਣ ਦੀ ਕੀ ਲੋੜ ਹੈ’ ਅੱਜ ਦੁਨੀਆ ਭਰ ਦੇ ਵਪਾਰੀਆਂ ਅਤੇ ਸਰਕਾਰਾਂ ਕੋਲ ਸੋਸ਼ਲ ਮੀਡੀਆ ਰੂਪੀ ਉਹ ਗੁੜ ਆ ਗਿਆ ਹੈ ਜੋ ਜ਼ਹਿਰ ਤੋਂ ਵੀ ਵੱਧ ਅਸਰਦਾਰ ਤੇ ਖਤਰਨਾਕ ਹੈ। ਅਸੀਂ ਇਹ ਹਮੇਸ਼ਾ ਪੜ੍ਹਦੇ ਸੁਣਦੇ ਆਏ ਹਾਂ ਕਿ ਪੂੰਜੀਵਾਦ ਵਿਅਕਤੀਵਾਦ ਜਾਂ ਨਿੱਜਵਾਦ ਨੂੰ ਪ੍ਰਫੁੱਲਿਤ ਤੇ ਉਤਸ਼ਾਹਿਤ ਕਰਦਾ ਹੈ। ਕਰੋਨਾ ਵਰਗੀਆਂ ਬਿਮਾਰੀਆਂ ਅਤੇ ਸੋਸ਼ਲ ਮੀਡੀਆ ਬੰਦੇ ਨੂੰ ਬੰਦੇ ਨਾਲੋਂ ਦੂਰ ਕਰਕੇ ਇਸ ਨਿੱਜਵਾਦ ਤੇ ਘੋਗਾਮਈ ਬਿਰਤੀ ਨੂੰ ਸਿਖਰ ’ਤੇ ਪਹੁੰਚਾਉੰਦੇ ਹਨ। ਸਮਾਜ ਵਿੱਚ ਪੈਦਾ ਹੋ ਰਿਹਾ ਇਹ ਨਿੱਜਵਾਦ ਵਪਾਰੀਆਂ ਤੇ ਸਰਕਾਰ ਲਈ ਸੰਜੀਵਨੀ ਦਾ ਕੰਮ ਕਰਦਾ ਹੈ। ਅਜਿਹੇ ਨਿੱਜਵਾਦੀ ਬੰਦੇ ਦੀ ਹੈਸੀਅਤ ਇਨਸਾਨ ਦੀ ਨਾ ਹੋ ਕੇ ਇੱਕ ਸੋਚ-ਵਿਚਾਰਹੀਣ ਖਪਤਕਾਰ ਦੀ ਬਣ ਜਾਂਦੀ ਹੈ। ਨਿੱਜਵਾਦ ਤੱਕ ਸੁੰਗੜੇ ਬੰਦੇ ਵੱਲੋਂ ਕਿਸੇ ਸਮਾਜਕ-ਰਾਜਨੀਤਕ ਘੋਲ ਵਿੱਚ ਹਿੱਸਾ ਲੈਣਾ ਤਾਂ ਦੂਰ ਦੀ ਗੱਲ ਹੈ ਸਗੋਂ ਉਹ ਇਸ ਬਾਰੇ ਸੋਚਣਾ ਵਿਚਾਰਨਾ ਵੀ ਛੱਡ ਦਿੰਦਾ ਹੈ। ਉਹ ਆਪਣੇ ਨਿੱਜੀ ਮਸਲਿਆਂ ਨੂੰ ਹੱਲ ਕਰਾਉਣ ਲਈ ਵੀ ਸੰਘਰਸ਼ ਨਾਲੋਂ ਭ੍ਰਿਸ਼ਟ ਤਰੀਕਿਆਂ ਨੂੰ ਵੱਧ ਤਰਜੀਹ ਦਿੰਦਾ ਹੈ। ਇਸ ਤਰਾਂ ਉਹ ਕਿਸੇ ਵੀ ਤਰਾਂ ਦੇ ਸਰਕਾਰੀ ਗੈਰ-ਸਰਕਾਰੀ ਪ੍ਰਬੰਧ ਦੀਆਂ ਖਾਮੀਆਂ ਨੂੰ ਨਿੰਦਣ ਦਾ ਨੈਤਿਕ ਦਾਅਵਾ ਗੁਆ ਲੈਂਦਾ ਹੈ।
ਸੋਸ਼ਲ ਮੀਡੀਆ ਇੱਕ ਦੋਫਾੜ ਸ਼ਖਸੀਅਤ ਪੈਦਾ ਕਰਦਾ ਹੈ। ਤੁਹਾਡਾ ਇੱਕ ਜਾਅਲੀ ਸਮਾਜਿਕ ਬਿੰਬ ਘੜਦਾ ਹੈ। ਸੋਸ਼ਲ ਮੀਡੀਆ ਉੱਤੇ ਤੁਸੀਂ ਅਸਲ ਨਾਲੋਂ ਵਧੇਰੇ ਸੋਹਣੇ, ਸਿਆਣੇ, ਇਮਾਨਦਾਰ, ਰਿਸ਼ਤਿਆਂ ਤੇ ਸਮਾਜਿਕ ਮਸਲਿਆਂ ਨਾਲ ਜੁੜੇ ਅਤੇ ਸਮਾਜ ਪ੍ਰਤੀ ਫਿਕਰਮੰਦੀ ਰੱਖਣ ਵਾਲ਼ੀ ਸ਼ਖਸੀਅਤ ਵਜੋਂ ਆਪਣੇ ਆਪ ਨੂੰ ਉਭਾਰਦੇ ਹੋ। ਤੁਹਾਡੇ ਇਸ ਨਕਲੀ ਕਿਰਦਾਰ ਨੂੰ ਸੋਸ਼ਲ ਮੀਡੀਆ ਉਪਰਲੇ ਹੋਰ ਨਕਲੀ ਕਿਰਦਾਰਾਂ ਤੋਂ ਹੱਲਾਸ਼ੇਰੀ ਮਿਲਦੀ ਹੈ। ਇਸ ਨਾਲ਼ ਤੁਹਾਡਾ ਸਾਰਾ ਜ਼ੋਰ ਆਪਣੀ ਅਸਲ ਸ਼ਖਸੀਅਤ ਜਾਂ ਕਿਰਦਾਰ ਨੂੰ ਸੁਧਾਰਨ ’ਤੇ ਨਹੀਂ ਸਗੋਂ ਸੋਸ਼ਲ ਮੀਡੀਆ ਉੱਪਰ ਬਣੇ ਆਪਣੇ ਜਾਅਲੀ ਬਿੰਬ ਨੂੰ ਸੁਧਾਰਨ ਜਾਂ ਉਭਾਰਨ ਤੇ ਲੱਗ ਜਾਂਦਾ ਹੈ। ਹੌਲ਼ੀ ਤੁਸੀੰ ਖੁਦ ਵੀ ਆਪਣੇ ਅਸਲੇ ਨੂੰ ਪਛਾਣਨ ਤੋਂ ਇਨਕਾਰੀ ਹੋ ਜਾਂਦੇ ਹੋ ਕਿਉੰਕਿ ਇਹ ਇੱਕ ਮਨੋਵਿਗਆਨਕ ਸਚਾਈ ਹੈ ਕਿ ‘ਇਨਸਾਨ ਆਪਣੇ ਆਪ ਨੂੰ ਉਹੀ ਸਮਝਦਾ ਹੈ ਕਿ ਜੋ ਉਸਦੀ ਸਮਝ ਮੁਤਾਬਕ ਲੋਕ ਉਸਨੂੰ ਸਮਝਦੇ ਹਨ।’ ਤੁਹਾਡੀ ਅਸਲੀਅਤ ਜਾਣਨ ਵਾਲੇ ਤੁਹਾਡੇ ਇਸ ਦੋਗਲੇਪਣ ਨੂੰ ਦੇਖਕੇ ਤੁਹਾਡੇ ਤੋਂ ਦੂਰ ਹੁੰਦੇ ਜਾਂਦੇ ਹਨ। ਆਪਣੇ ਜਾਅਲੀ ਸਮਾਜਿਕ ਬਿੰਬ ਬਾਰੇ ਫਿਕਰਮੰਦੀ ਪਹਿਲੇ ਸਮੇਂ ਵਿੱਚ ਨੇਤਾ-ਅਭਿਨੇਤਾ ਆਦਿ ਬੰਦਿਆਂ ਨੂੰ ਹੁੰਦੀ ਸੀ ਪਰ ਹੁਣ ਸੋਸ਼ਲ ਮੀਡੀਆ ਦੀ ਲਪੇਟ ’ਚ ਆਇਆ ਹਰ ਆਮ-ਖਾਸ ਇਸ ਰੋਗ ਤੋਂ ਪੀੜਤ ਹੈ।
ਸਿਆਣਿਆਂ ਦਾ ਕਥਨ ਹੈ:
ਅੱਤ ਭਲਾ ਨਾ ਵਰਸਣਾ, ਅੱਤ ਭਲੀ ਨਾ ਧੁੱਪ
ਅੱਤ ਭਲਾ ਨਾ ਬੋਲਣਾ ਅੱਤ ਭਲੀ ਨਾ ਚੁੱਪ।
ਇਸ ਕਰਕੇ ਸਾਨੂੰ ਸੋਸ਼ਲ ਮੀਡੀਆ ਦੀ ਵਰਤੋ ਕਰਨ ਸਮੇਂ ਵੀ ਅੱਤ ਤੋਂ ਬਚਣਾ ਚਾਹੀਦਾ ਹੈ। ਆਪਣਾ ਵਧੇਰੇ ਸਮਾਂ ਅਸਲੀ ਜ਼ਿੰਦਗੀ ਜਿਉਂਦਿਆ ਸੱਚਮੁੱਚ ਦੀ ਦੁਨੀਆ ਗੁਜ਼ਾਰਨਾ ਚਾਹੀਦਾ ਹੈ।
ਸੰਪਰਕ: 78892-69677