ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 7 ਸਤੰਬਰ
ਬਹੁਜਨ ਸਮਾਜ ਪਾਰਟੀ ਨੇ ਤੇਲ ਅਤੇ ਬਿਜਲੀ ਦੀਆਂ ਕੀਮਤਾਂ ’ਚ ਕੀਤੇ ਵਾਧੇ ਦੀ ਨਿਖੇਧੀ ਕਰਦਿਆਂ ‘ਆਪ’ ਸਰਕਾਰ ’ਤੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਮੁਕੱਰਨ ਦਾ ਦੋਸ਼ ਲਾਇਆ ਹੈ। ਬਸਪਾ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਅਤੇ ਲੋਕ ਸਭਾ ਇੰਚਾਰਜ ਡਾ. ਮੱਖਣ ਸਿੰਘ ਨੇ ਕਿਹਾ ਕਿ ‘ਆਪ’ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਭੁਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੈਟਰੋਲ ਦਾ ਰੇਟ 62 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦਾ ਰੇਟ 96 ਪੈਸੇ ਪ੍ਰਤੀ ਲਿਟਰ ਵਧਾ ਦਿੱਤਾ ਹੈ ਜਿਸ ਨਾਲ ਜਿਥੇ ਸਫ਼ਰ ਮਹਿੰਗਾ ਹੋਵੇਗਾ ਉਥੇ ਢੋਆ-ਢੋਆਈ ਦੇ ਖਰਚੇ ਵੀ ਵਧਣਗੇ। ਮਹਿੰਗਾਈ ਹੋਰ ਵਧੇਗੀ ਜਿਸਦਾ ਵਿੱਤੀ ਬੋਝ ਆਮ ਲੋਕਾਂ ਦੀ ਜੇਬ੍ਹ ਉਪਰ ਪਵੇਗਾ। ਉਨ੍ਹਾਂ ਕਿਹਾ ਕਿ 7 ਕਿੱਲੋਵਾਟ ਲੋਡ ਤੱਕ 3 ਰੁਪਏ ਸਬਸਿਡੀ ਘਟਾ ਕੇ ਲੋਕਾਂ ’ਤੇ ਪਾਇਆ ਹੈ।