ਗੁਰਨਾਮ ਸਿੰਘ ਚੌਹਾਨ
ਪਾਤੜਾਂ, 7 ਸਤੰਬਰ
ਇੱਥੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਦਾ ਨਿਕਾਸੀ ਨਾਲਾ ਜਾਮ ਹੋਣ ਕਾਰਨ ਅੱਜ ਪਏ ਮੀਂਹ ਦਾ ਪਾਣੀ ਪਾਤੜਾਂ ਤੋਂ ਸ਼ੁਤਰਾਣਾ ਤੱਕ ਕਈ ਥਾਵਾਂ ’ਤੇ ਭਰ ਗਿਆ। ਇਸ ਦੌਰਾਨ ਨੈਸ਼ਨਲ ਹਾਈਵੇਅ ਅਤੇ ਸਰਵਿਸ ਰੋਡ ਤੋਂ ਲੰਘਣ ਵਾਲੇ ਰਾਹੀਆਂ ਨੂੰ ਟੌਲ ਟੈਕਸ ਭਰਨ ਦੇ ਬਾਵਜੂਦ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਤੋਂ ਨਰਵਾਣਾ ਵੱਲ ਜਾਂਦੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਅਤੇ ਸਰਵਿਸ ਰੋਡ ਦੇ ਨਾਲ ਬਣੇ ਪਾਣੀ ਦੇ ਨਿਕਾਸੀ ਨਾਲੇ ਵਿੱਚ ਗੰਦਗੀ ਭਰ ਜਾਣ ਕਰਕੇ ਮੁੱਖ ਮਾਰਗ ’ਤੇ ਪਾਣੀ ਭਰ ਗਿਆ। ਇਸ ਤੋਂ ਇਲਾਵਾ ਪਿੰਡ ਖਾਸਪੁਰ ਦੇ ਨਜ਼ਦੀਕ ਪੁਲ ਤੋਂ ਉਤਰਦਿਆਂ ਅਤੇ ਸ਼ੁਤਰਾਣਾ ਦੇ ਬੱਸ ਅੱਡੇ ਤੋਂ ਲੈ ਕੇ ਪਿੰਡ ਗੋਬਿੰਦਪੁਰਾ ਪੈਂਦ ਤੱਕ ਕਰੀਬ ਇਕ ਕਿਲੋਮੀਟਰ ਵਿੱਚ ਇਹ ਸਮੱਸਿਆ ਰਹੀ। ਸਾਬਕਾ ਸਰਪੰਚ ਭਗਵੰਤ ਸਿੰਘ ਸ਼ੁਤਰਾਣਾ, ਨੰਬਰਦਾਰ ਅਮਰੀਕ ਸਿੰਘ, ਸੁਖਵਿੰਦਰ ਸਿੰਘ ਝੱਬਰ ਅਤੇ ਰਾਜ ਸਿੰਘ ਨੇ ਕਿਹਾ ਕਿ ਲੋਕਾਂ ਕੋਲੋਂ ਵੱਡੇ ਪੱਧਰ ’ਤੇ ਟੌਲ ਟੈਕਸ ਵਸੂਲਿਆ ਜਾਂਦਾ ਪਰ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਸਹੂਲਤ ਦੇਣ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਨਿਕਾਸੀ ਨਾਲਿਆਂ ਦੀ ਸਫਾਈ ਵੱਲ ਧਿਆਨ ਨਾ ਦੇਣ ਲਈ ਜ਼ਿੰਮੇਵਾਰ ਟੌਲ ਕੰਪਨੀ ਅਤੇ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣ ਦੇ ਨਾਲ-ਨਾਲ ਨਿਕਾਸੀ ਨਾਲੇ ਦੀ ਸਫਾਈ ਕਰਵਾਈ ਜਾਵੇ। ਰਾਹਗੀਰਾਂ ਅਨੁਸਾਰ ਕੁਝ ਕਿਲੋਮੀਟਰ ਦੂਰ ਪਿੰਡ ਗੋਬਿੰਦਪੁਰਾ ਵਿਖੇ ਲੱਗੇ ਟੌਲ ਪਲਾਜ਼ਾ ’ਤੇ ਟੌਲ ਟੈਕਸ ਦੀ ਮੋਟੀ ਰਕਮ ਵਸੂਲੀ ਜਾ ਰਹੀ ਹੈ, ਪਰ ਰਾਹਗੀਰਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ।