ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਸਤੰਬਰ
ਥਾਨੇਸਰ ਵਿਧਾਨ ਸਭਾ ਹਲਕੇ ਵਿੱਚ ਢਾਈ ਦਰਜਨ ਤੋਂ ਵੱਧ ਮੌਜੂਦਾ ਸਰਪੰਚ ਭਾਜਪਾ ਨੂੰ ਛੱਡ ਕੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਦੀ ਅਗਵਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋ ਗਏ। ਰੇਲਵੇ ਰੋਡ ’ਤੇ ਸਥਿਤ ਨਿੱਜੀ ਹੋਟਲ ਵਿੱਚ ਇਹ ਸਮਾਗਮ ਹੋਇਆ। ਸ੍ਰੀ ਅਰੋੜਾ ਨੇ ਕਿਹਾ ਕਿ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਮਿਲੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਹਲਕੇ ਦੇ ਹਰ ਪਿੰਡ ਵਿਚ ਸਰਪੰਚਾਂ ਦੇ ਸਹਿਯੋਗ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ।
ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਸਰਪੰਚਾਂ ਵਿੱਚ ਮਾ. ਕੇਹਰ ਸਿੰਘ ਨਰਕਾਤਾਰੀ, ਪ੍ਰਤਾਪਗੜ੍ਹ ਤੋਂ ਪ੍ਰਦੀਪ ਸੈਣੀ, ਕਸੇਰਲਾ ਤੋਂ ਰਾਜਬੀਰ, ਸਿਰਸਲਾ ਤੋਂ ਬਲਵਿੰਦਰ ਸਿੰਘ, ਹਥੀਰਾ ਦੇ ਸਰਪੰਚ ਕ੍ਰਿਸ਼ਨ, ਘੜੂੰਆਂ ਦੇ ਸਰਪੰਚ ਪ੍ਰਦੀਪ ਕੁਮਾਰ, ਕਿਰਮਚ ਦੇ ਬਣਬੀਰ ਸਿੰਘ ਬੂੜਾ, ਸਿੰਘਪੁਰਾ ਦੇ ਮਹਿਮ ਸਿੰਘ, ਰਤਨ ਡੇਰਾ ਦੇ ਕੁਲਦੀਪ ਕਸ਼ਯਪ, ਮਾਝੇ ਦੇ ਅਜੈ ਕੁਮਾਰ, ਖੇੜੀ ਮਾਰਕੰਡਾ ਦੇ ਸਰਪੰਚ ਨੁਮਾਇੰਦੇ ਕ੍ਰਿਸ਼ਨ ਕੁਮਾਰ,ਹਰਿਆਪੁਰ ਦੇ ਵਿਕਰਮ ਆਦਿ ਕਰੀਬ ਢਾਈ ਦਰਜਨ ਪਿੰਡਾਂ ਦੇ ਸਰਪੰਚਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸੈਣੀ ਜੋ ਵਾਰ ਵਾਰ ਕਹਿ ਰਹੇ ਹਨ ਕਿ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ , ਹੁਣ ਉਹ ਆਪਣਾ ਹਲਕਾ ਕਰਨਾਲ ਛੱਡ ਕੇ ਲਾਡਵਾ ਤੋਂ ਚੋਣ ਲੜ ਰਹੇ ਹਨ। ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਬਣ ਗਏ ਹਨ ਪਰ ਅਸਲ ਸਰਕਾਰ ਮਨੋਹਰ ਲਾਲ ਹੀ ਚਲਾ ਰਹੇ ਹਨ।