ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 7 ਸਤੰਬਰ
ਗਣੇਸ਼ ਉਤਸਵ ਸਬੰਧੀ ਮਹਾਰਾਸ਼ਟਰ ਦੇ ਪੁਣੇ ਵਿੱਚ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਬਣਾਏ ਗਏ ਪੰਡਾਲ ਨੂੰ ਹੁਣ ਦੁਰਗਿਆਨਾ ਮੰਦਰ ਦਾ ਨਾਂ ਦਿੱਤਾ ਗਿਆ ਹੈ। ਪੰਡਾਲ ਦੇ ਪ੍ਰਬੰਧਕਾਂ ਵੱਲੋਂ ਅਜਿਹਾ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਵਿਰੋਧ ਅਤੇ ਵਿਵਾਦ ਤੋਂ ਬਚਣ ਲਈ ਕੀਤਾ ਗਿਆ ਹੈ। ਇਹ ਖੁਲਾਸਾ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਜਾਂਚ ਟੀਮ ਨੇ ਕੀਤਾ ਹੈ। ਇਹ ਜਾਂਚ ਟੀਮ ਆਪਣੀ ਰਿਪੋਰਟ ਜਲਦੀ ਹੀ ਸ਼੍ਰੋਮਣੀ ਕਮੇਟੀ ਨੂੰ ਭੇਜੇਗੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਛੱਤੀਸਗੜ੍ਹ ਦੇ ਰਾਏਪੁਰ ਵਿੱਚ ਸਿੱਖ ਮਿਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਸੈਣੀ ਨੂੰ ਭੇਜਿਆ ਗਿਆ ਸੀ। ਇਹ ਮਾਮਲਾ ਬੀਤੇ ਦਿਨ ਸ਼੍ਰੋਮਣੀ ਕਮੇਟੀ ਦੇ ਨੋਟਿਸ ਵਿੱਚ ਆਇਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ। ਸ੍ਰੋਮਣੀ ਕਮੇਟੀ ਨੇ ਬਣਾਏ ਜਾ ਰਹੇ ਪੰਡਾਲ ਦੀਆਂ ਕੁਝ ਤਸਵੀਰਾਂ ਵੀ ਮੀਡੀਆ ਵਿੱਚ ਜਨਤਕ ਕੀਤੀਆਂ ਸਨ ਅਤੇ ਦੋਸ਼ ਲਾਇਆ ਸੀ ਕਿ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਪੰਡਾਲ ਬਣਾਇਆ ਜਾ ਰਿਹਾ ਹੈ ਜੋ ਸਿੱਖ ਮਰਿਆਦਾ ਦੀ ਉਲੰਘਣਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਇਸ ਸਬੰਧੀ ਵੀਡੀਓ ਸੁਨੇਹੇ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕਿ ਜਦੋਂ ਜਾਂਚ ਟੀਮ ਪੁਣੇ ਪੁੱਜੀ ਤਾਂ ਉੱਥੇ ਪ੍ਰਬੰਧਕਾਂ ਨੇ ਪੰਡਾਲ ਦੇ ਬਾਹਰ ਇੱਕ ਵੱਡਾ ਬੋਰਡ ਲਾਇਆ ਸੀ, ਜਿਸ ਉੱਪਰ ਦੁਰਗਿਆਨਾ ਮੰਦਰ ਲਿਖਿਆ ਹੋਇਆ ਸੀ। ਇਸ ਤੋਂ ਪਹਿਲਾਂ ਪ੍ਰਬੰਧਕਾਂ ਵੱਲੋਂ ਮੀਡੀਆ ਨੂੰ ਦੱਸਿਆ ਗਿਆ ਸੀ ਕਿ ਪ੍ਰਬੰਧਕ ਅਤੇ ਹੋਰ ਜਦੋਂ ਅੰਮ੍ਰਿਤਸਰ ਗਏ ਸਨ ਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਸਮੇਂ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲੇ ਸਨ ਅਤੇ ਪੰਡਾਲ ਬਣਾਉਣ ਸਬੰਧੀ ਆਗਿਆ ਲਈ ਸੀ। ਉਹ ਉੱਥੇ ਅਕਾਲ ਤਖਤ ਦੇ ਜਥੇਦਾਰ ਨੂੰ ਵੀ ਮਿਲੇ ਸਨ। ਸ਼੍ਰੋਮਣੀ ਕਮੇਟੀ ਮੈਂਬਰ ਨੇ ਸਪੱਸ਼ਟ ਕੀਤਾ ਕਿ ਦੇਸ਼ ਵਿਦੇਸ਼ ਤੋਂ ਆਇਆ ਕੋਈ ਵੀ ਵਫਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਜਥੇਦਾਰ ਨਾਲ ਮੁਲਾਕਾਤ ਕਰ ਸਕਦਾ ਹੈ ਪਰ ਜਿੱਥੋਂ ਤੱਕ ਹਰਿਮੰਦਰ ਸਾਹਿਬ ਦੀ ਤਰਜ਼ ’ਤੇ ਪੰਡਾਲ ਬਣਾਉਣ ਦੀ ਆਗਿਆ ਦੇਣ ਦਾ ਸਵਾਲ ਹੈ, ਅਜਿਹਾ ਕੁਝ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਡਾਲ ਦੇ ਪ੍ਰਬੰਧਕ ਇਸ ਸਬੰਧੀ ਕੋਈ ਲਿਖਤੀ ਪ੍ਰਵਾਨਗੀ ਹੋਣ ਦਾ ਸਬੂਤ ਨਹੀਂ ਦੇ ਸਕੇ।
ਹਵਾਰਾ ਕਮੇਟੀ ਨੇ ਇਤਰਾਜ਼ ਜਤਾਇਆ
ਹਵਾਰਾ ਕਮੇਟੀ ਨੇ ਦਰਬਾਰ ਸਾਹਿਬ ਦੀ ਨਕਲ ਕਰਕੇ ਉਸ ਦੀ ਤਰਜ਼ ’ਤੇ ਪੁਣੇ ਵਿੱਚ ਅਜਿਹਾ ਪੰਡਾਲ ਬਣਾਉਣ ਦਾ ਵਿਰੋਧ ਕਰਦਿਆਂ ਕਿਹਾ ਕਿ ਸਿੱਖ ਕੌਮ ਇਸ ਨੂੰ ਕਦੇ ਬਰਦਾਸ਼ਤ ਨਹੀਂ ਕਰੇਗੀ। ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਇਹ ਇਤਰਾਜ਼ਯੋਗ ਹੈ ਅਤੇ ਸ਼ਰਾਰਤੀ ਕਾਰਵਾਈ ਹੈ। ਦਰਬਾਰ ਸਾਹਿਬ ਦੀ ਨਕਲ ਕਰਨਾ ਸਿੱਖ ਸਿਧਾਂਤਾਂ ਅਤੇ ਮਰਿਆਦਾ ਦੇ ਉਲਟ ਹੈ, ਜਿਸ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।