ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 7 ਸਤੰਬਰ
ਪਿੰਡ ਬਾਰੇ ਕੇ ਵਿਚ ਕੱਲ੍ਹ ਦੋ ਮੋਟਰਸਾਈਕਲ ਸਵਾਰ ਬਦਮਾਸ਼ਾਂ ਵੱਲੋਂ ਇੱਕ ਆੜ੍ਹਤੀਏ ਨੂੰ ਗੋਲੀ ਮਾਰਨ ਦੀ ਘਟਨਾ ਦੀ ਸੀਸੀਟੀਵੀ ਫੁਟੇਜ ਅੱਜ ਸਾਹਮਣੇ ਆਈ ਹੈ। ਇਹ ਕੈਮਰਾ ਆੜ੍ਹਤੀਏ ਦੇ ਘਰ ਦੇ ਬਾਹਰ ਗੇਟ ’ਤੇ ਲੱਗਾ ਹੋਇਆ ਸੀ। ਇਸ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਦੋਂ ਆੜ੍ਹਤੀ ਗੁਰਮੀਤ ਸਿੰਘ ਉਰਫ਼ ਕਾਲਾ ਧਨੋਆ ਬਾਜ਼ਾਰ ਤੋਂ ਕੁਝ ਸਾਮਾਨ ਖਰੀਦ ਕੇ ਵਾਪਸ ਆਪਣੇ ਘਰ ਦੇ ਬਾਹਰ ਪਹੁੰਚਿਆ ਤਾਂ ਉਸਦਾ ਪਿੱਛਾ ਕਰ ਰਹੇ ਦੋ ਬਦਮਾਸ਼ਾਂ ਨੇ ਉਸੇ ਵਕਤ ਹੀ ਉਸ ਨੂੰ ਗੋਲੀ ਮਾਰ ਦਿੱਤੀ। ਹਾਲਾਂਕਿ ਇਨ੍ਹਾਂ ਦੋਵਾਂ ਮੁਲਜ਼ਮਾਂ ਨੇ ਆਪਣੇ ਮੂੰਹ ਤੇ ਰੁਮਾਲ ਬੰਨ੍ਹੇ ਹੋਏ ਸਨ, ਜਿਸ ਕਰਕੇ ਉਨ੍ਹਾਂ ਦੇ ਚਿਹਰੇ ਸਾਫ਼ ਨਜ਼ਰ ਨਹੀਂ ਆ ਰਹੇ ਪਰ ਪੁਲੀਸ ਨੂੰ ਇਸ ਵੀਡੀਓ ਤੋਂ ਕਾਫ਼ੀ ਮਹੱਤਵਪੂਰਨ ਸੁਰਾਗ ਮਿਲਣ ਦੀ ਉਮੀਦ ਹੈ। ਜ਼ਖ਼ਮੀ ਆੜ੍ਹਤੀ ਦਾ ਇਥੇ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। ਫ਼ਿਲਹਾਲ ਉਸਦੀ ਹਾਲਤ ਖ਼ਤਰੇ ਤੋਂ ਬਾਹਰ ਹੈ।